
ਮਾਨਸਾ ਯੂਥ ਲਾਇਬ੍ਰੇਰੀ ‘ਚ ਗੁਰਲੀਨ ਕੌਰ ਆਈ.ਏ.ਐਸ. ਹੋਏ ਵਿਦਿਆਰਥੀਆਂ ਦੇ ਰੂ ਬ ਰੂ
ਆਈ.ਏ.ਐਸ. ਬਣਨ ਦੇ ਸਫ਼ਰ ਬਾਰੇ ਤਜ਼ੁਰਬੇ ਕੀਤੇ ਸਾਂਝੇ
ਵਿਦਿਆਰਥੀਆਂ ਨੂੰ ਸਿੱਖਿਆ ਦੀ ਪੌੜੀ ਰਾਹੀਂ ਹਰ ਮੰਜ਼ਿਲ ਸਰ ਕਰਨ ਲਈ ਕੀਤਾ ਪ੍ਰੇਰਿਤ
ਮਾਨਸਾ, 23 ਜੁਲਾਈ ( ਸੰਜੀਵ ਜਿੰਦਲ ) : ਮਾਨਸਾ ਅੰਬੇਡਕਰ ਭਵਨ ਵਿਖੇ ਸਥਿਤ ‘ਮਾਨਸਾ ਯੂਥ ਲਾਇਬ੍ਰੇਰੀ’ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਵਿਦਿਆਰਥੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਅਤੇ ਸਾਹਿਤ ਪੜ੍ਹਨ ਲਈ ਆਉਂਦੇ ਹਨ | ਇੱਥੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਡਾ. ਗੁਰਲੀਨ ਕੌਰ ਆਈ.ਏ.ਐਸ., ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਵਿਦਿਆਰਥੀਆਂ ਦੇ ਰੂ ਬ ਰੂ ਹੋਏ |
ਉਨ੍ਹਾਂ ਇਸ ਮੌਕੇ ਜਿੱਥੇ ਵਿਦਿਆਰਥੀਆਂ ਤੋਂ ਉਨ੍ਹਾਂ ਦੇ ਭਵਿੱਖ ਪ੍ਰਤੀ ਟੀਚੇ ਸੁਪਨਿਆਂ ਬਾਰੇ ਜਾਣਿਆ ਉੱਥੇ ਹੀ ਆਪਣੇ IAS ਬਣਨ ਤੱਕ ਦੇ ਸਫ਼ਰ ਅਤੇ ਤਜ਼ੁਰਬਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਕੋਈ ਵੀ ਮੁਕਾਮ ਹਾਸਲ ਕਰਨਾ ਨਾਮੁਮਕਿਨ ਨਹੀਂ ਹੈ, ਬਸ ਲੋੜ ਹੁੰਦੀ ਹੈ ਜਨੂੰਨ ਦੀ | ਕਿਸੇ ਵੀ ਮੰਜ਼ਿਲ ਦੀ ਪ੍ਰਾਪਤੀ ਲਈ ਦਿ੍ੜ ਇਰਾਦਾ ‘ਤੇ ਸਖ਼ਤ ਮਿਹਨਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਸਿੱਖਿਆ ਹੀ ਤਰੱਕੀ ਦੀ ਪਹਿਲੀ ਪੌੜੀ ਹੁੰਦੀ ਹੈ। ਪੜ੍ਹਿਆ ਲਿਖਿਆ ਇਨਸਾਨ ਜਿੱਥੇ ਸਮਾਜ ਵਿਚ ਆਪਣਾ ਵੱਖਰਾ ਮੁਕਾਮ ਬਣਾਉਂਦਾ ਹੈ ਉੱਥੇ ਹੀ ਸਮੇਂ ਦਾ ਹਾਣੀ ਹੋ ਕੇ ਆਪਣੇ ਪਰਿਵਾਰ ਨੂੰ ਕਾਮਯਾਬੀ ਦੀ ਰਾਹ ‘ਤੇ ਤੋਰ ਲੈਂਦਾ ਹੈ |
ਡਾ. ਗੁਰਲੀਨ ਕੌਰ, ਆਈ.ਏ.ਐਸ. ਨੇ ਕਿਹਾ ਕਿ ਮਾਨਸਾ ਯੂਥ ਲਾਇਬ੍ਰੇਰੀ ਵਿਚ ਆਉਣ ਵਾਲੇ ਵਿਦਿਆਰਥੀ ਆਪਣੀ ਰੁਚੀ ਅਨੁਸਾਰ ਕਿਤਾਬਾਂ ਦੀ ਚੋਣ ਕਰਨ ਅਤੇ ਚੰਗਾ ਗਿਆਨ ਹਾਸਲ ਕਰਨ | ਉਨ੍ਹਾਂ ਕਿਹਾ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਲੋੜੀਂਦੀਆਂ ਕਿਤਾਬਾਂ ਲਾਇਬ੍ਰੇਰੀ ਵਿਚ ਉਪਲੱਬਧ ਹਨ ਉਹ ਇਸ ਦਾ ਲਾਹਾ ਲੈ ਸਕਦੇ ਹਨ | ਉਨ੍ਹਾਂ ਸਾਰੇ ਹੀ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।
ਇਸ ਦੌਰਾਨ ਵਿਦਿਆਰਥੀਆਂ ਵੱਲੋਂ ਆਪਣੀ ਪੜ੍ਹਾਈ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਸਲਾਹ ਮਸ਼ਵਰਾ ਵੀ ਕੀਤਾ ਗਿਆ ਅਤੇ ਡਾ. ਗੁਰਲੀਨ ਕੌਰ ਆਈ.ਏ.ਐਸ. ਨੇ ਬਾਖ਼ੂਬੀ ਹੀ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ।
ਇਸ ਮੌਕੇ ਲਾਇਬ੍ਰੇਰੀਅਨ ਗਗਨਦੀਪ ਕੌਰ, ਗੁਰਦੀਪ ਸਿੰਘ ਤੋਂ ਇਲਾਵਾ ਲਾਇਬ੍ਰੇਰੀ ਕਮੇਟੀ ਮੈਂਬਰ ਕਿਰਨਦੀਸ਼ ਕੌਰ, ਗਗਨ, ਸਿਮਰਨ, ਹਰਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।

