
ਮਾਨਸਾ, 20 ਜੁਲਾਈ ( ਸੰਜੀਵ ਜਿੰਦਲ ) : ਭਾਜਪਾ ਵੱਲੋਂ ਅਸ਼ਵਨੀ ਸ਼ਰਮਾ ਨੂੰ ਮੁੜ ਚੌਥੀ ਵਾਰ ਪੰਜਾਬ ਪ੍ਰਦੇਸ਼ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ‘ਤੇ ਪਾਰਟੀ ਵਿਚ ਖੁਸ਼ੀ ਦੀ ਲਹਿਰ ਹੈ। ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕਈ ਨੇ ਸ਼ਰਮਾ ਦੀ ਨਿਯੁਕਤੀ ਨੂੰ ਜਮੀਨੀ ਪੱਧਰ ਤੋਂ ਉੱਠ ਕੇ ਆਏ ਇਕ ਸਮਰਪਿਤ ਕਰਮਠ ਵਰਕਰ ਦੀ ਜਿੱਤ ਦੱਸਿਆ ਅਤੇ ਦਿਲੋਂ ਮੁਬਾਰਕਬਾਦ ਦਿੱਤੀ ।
ਨਕਈ ਨੇ ਕਿਹਾ, “ਅਸ਼ਵਨੀ ਸ਼ਰਮਾ ਮੁੱਢ ਤੋਂ ਹੀ ਰਾਸ਼ਟਰੀ ਸਵਯੰਸੇਵਕ ਸੰਘ ਨਾਲ ਜੁੜੇ ਹੋਏ ਨੇ ਅਤੇ ਪਾਰਟੀ ਦੇ ਆਮ ਵਰਕਰ ਤੋਂ ਲੈ ਕੇ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੱਕ ਦਾ ਸਫਰ ਪਾਰ ਕੀਤਾ ਹੈ। ਉਹ ਇੱਕ ਨਿਰਭਿਕ, ਮਿਹਨਤੀ ਅਤੇ ਜਨ ਆਧਾਰ ਵਾਲੇ ਆਗੂ ਹਨ।”
ਅਸ਼ਵਨੀ ਸ਼ਰਮਾ ਪਹਿਲਾਂ ਵੀ ਤਿੰਨ ਵਾਰ ਭਾਜਪਾ ਦੇ ਸੂਬਾ ਪ੍ਰਧਾਨ ਰਹਿ ਚੁੱਕੇ ਹਨ। ਦੋ ਵਾਰ ਵਿਧਾਇਕ ਚੁਣੇ ਜਾ ਚੁੱਕੇ ਸ਼ਰਮਾ ਇਸ ਸਮੇਂ ਵੀ ਭਾਜਪਾ ਦੇ ਮੌਜੂਦਾ ਵਿਧਾਇਕ ਹਨ।
ਨਕਈ ਨੇ ਦੱਸਿਆ ਕਿ ਪਾਰਟੀ ਨੇ ਉਨ੍ਹਾਂ ਦੀ ਲੀਡਰਸ਼ਿਪ, ਚੁਸਤ ਕਾਰਗੁਜ਼ਾਰੀ ਅਤੇ ਜਨਤਕ ਪਹੁੰਚ ਨੂੰ ਦੇਖਦਿਆਂ ਉਨ੍ਹਾਂ ਨੂੰ ਚੌਥੀ ਵਾਰ ਇਹ ਮਹੱਤਵਪੂਰਨ ਜਿੰਮੇਵਾਰੀ ਸੌਂਪੀ ਹੈ, ਅਸ਼ਵਨੀ ਸ਼ਰਮਾ ਵਰਗਾ ਸੂਝਵਾਨ ਅਤੇ ਰਾਜਨੀਤਿਕ ਬਾਰੀਕੀਆਂ ਨੂੰ ਸਮਝਣ ਵਾਲਾ ਆਗੂ ਹੀ ਭਾਜਪਾ ਨੂੰ ਪੰਜਾਬ ਵਿੱਚ ਮਜ਼ਬੂਤ ਕਰ ਸਕਦਾ ਹੈ। ਉਹਨਾਂ ਨੇ ਵਿਦੇਸ਼ੀ ਦਬਾਵਾਂ ਅਤੇ ਸੂਬਾ ਪੱਧਰੀ ਵਿਰੋਧ ਦੇ ਬਾਵਜੂਦ ਭਾਜਪਾ ਨੂੰ ਲੋਕਾਂ ਤੱਕ ਲਿਜਾ ਕੇ ਇੱਕ ਵੱਖਰੀ ਪਹਿਚਾਣ ਦਿਵਾਈ ਹੈ।”
ਨਕਈ ਨੇ ਅਖੀਰ ਵਿੱਚ ਇਹ ਵੀ ਕਿਹਾ ਕਿ ਭਾਜਪਾ ਹੁਣ ਪੰਜਾਬ ਵਿੱਚ ਜਮੀਨ ਤਿਆਰ ਕਰ ਚੁੱਕੀ ਹੈ , ਭਾਜਪਾ ਦੇ ਪੈਰ ਮਜ਼ਬੂਤੀ ਨਾਲ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਤੱਕ ਪਹੁੰਚ ਚੁੱਕੇ ਹਨ, ਇਸ ਲਈ “ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਿਲ ਕਰਕੇ ਪੰਜਾਬ ਦੀ ਸੂਬਾ ਸਰਕਾਰ ਬਣਾਏਗੀ ਅਤੇ ਸੂਬੇ ਨੂੰ ਵਿਕਾਸ ਦੇ ਨਵੇਂ ਮਾਰਗਾਂ ਤੇ ਲੈ ਜਾਵੇਗੀ।”

