
ਸੰਜੀਵ ਜਿੰਦਲ
ਮਾਨਸਾ, 10 ਜੁਲਾਈ : ਸਥਾਨਕ ਡੀ.ਏ.ਵੀ. ਪਬਲਿਕ ਸਕੂਲ, ਮਾਨਸਾ ਵਿੱਚ ਗੁਰੂ ਪੂਰਨਿਮਾ ਦਾ ਪਾਵਨ ਤੇ ਧਾਰਮਿਕ ਤਿਉਹਾਰ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਅਤੇ ਪ੍ਰਿੰਸੀਪਲ ਨੂੰ ਤਿਲਕ ਲਾ ਕੇ ਆਸ਼ੀਰਵਾਦ ਲੈਣ ਰਾਹੀਂ ਕੀਤੀ ਗਈ। ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਲਈ ਹੱਥੀਂ ਬਣੇ ਸੁੰਦਰ ਕਾਰਡ ਤਿਆਰ ਕਰਕੇ ਡਿਸਪਲੇ ਬੋਰਡ ‘ਤੇ ਪ੍ਰਦਰਸ਼ਿਤ ਕੀਤੇ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਅਧਿਆਪਕਾ ਸਨੇਹਾ ਨੇ ਨਿਭਾਈ। ਦਸਵੀਂ ਜਮਾਤ ਦੀ ਵਿਦਿਆਰਥਣ ਓਜਸਵੀ ਨੇ ਗੁਰੂ ਮਹਿਮਾ ‘ਤੇ ਇੱਕ ਸੁੰਦਰ ਕਵਿਤਾ ਪੇਸ਼ ਕੀਤੀ, ਜਦਕਿ ਅਧਿਆਪਕਾ ਮੀਨੂ ਰਾਣੀ ਨੇ ਆਪਣੇ ਭਾਸ਼ਣ ਰਾਹੀਂ ਜੀਵਨ ਵਿੱਚ ਗੁਰੂ ਦੇ ਮਹੱਤਵ ‘ਤੇ ਰੌਸ਼ਨੀ ਪਾਈ।ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ‘ਏਕਲਵਯ’ ਨਾਟਕ ਰਾਹੀਂ ਕੀਤਾ, ਜਿਸ ਰਾਹੀਂ ਉਨ੍ਹਾਂ ਨੇ ਗੁਰੂ ਭਗਤੀ ਅਤੇ ਆਤਮ ਵਿਸ਼ਵਾਸ ਨੂੰ ਦਰਸਾਇਆ।
ਸਮਾਰੋਹ ਦੇ ਅੰਤ ਵਿੱਚ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਗੁਰੂ ਦੇ ਪ੍ਰਤੀ ਸੱਚੀ ਸ਼ਰਧਾ, ਸਮਰਪਣ ਅਤੇ ਦ੍ਰਿੜ ਨਿਸ਼ਚੇ ਰਾਹੀਂ ਵਿਅਕਤੀ ਆਪਣਾ ਆਤਮ ਵਿਕਾਸ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਭਗਤੀ ਰਾਹੀਂ ਵਿਅਕਤੀ ਵਿਸ਼ੇਸ਼ਤਾ ਅਤੇ ਮਹਾਨਤਾ ਦੀ ਪ੍ਰਾਪਤੀ ਕਰ ਸਕਦਾ ਹੈ, ਭਾਵੇਂ ਉਸਨੇ ਔਪਚਾਰਿਕ ਸਿੱਖਿਆ ਨਾ ਲਈ ਹੋਵੇ।

