
ਮਾਨਸਾ, 13 ਜੂਨ ( ਸੰਜੀਵ ਜਿੰਦਲ ) :– ਅਹਿਮਦਾਬਾਦ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਹੋਏ ਭਿਆਨਕ ਜਹਾਜ਼ ਹਾਦਸੇ ਵਿੱਚ ਜਿੱਥੇ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ, ਉਥੇ ਹੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਪੰਜਾਬ ਇੰਚਾਰਜ ਸ੍ਰੀ ਵਿਜੈ ਰੂਪਾਣੀ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਨੇ ਸੂਬਾ ਪੰਜਾਬ ਦੇ ਭਾਜਪਾ ਖੇਮੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ।
ਇਸ ਦੁਖਦਾਈ ਮੌਕੇ ਮਾਨਸਾ ਵਿਖੇ ਭਾਜਪਾ ਜ਼ਿਲਾ ਦਫ਼ਤਰ ‘ਚ ਵਿਸ਼ੇਸ਼ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਭਾਜਪਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਸ. ਜਗਦੀਪ ਸਿੰਘ ਨਕਈ ਨੇ ਵਿਜੈ ਰੂਪਾਣੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਗਹਿਰੇ ਸ਼ੋਕ ਦਾ ਪ੍ਰਗਟਾਵਾ ਕੀਤਾ।
ਨਕਈ ਨੇ ਕਿਹਾ ਕਿ, “ਸ੍ਰੀ ਰੂਪਾਣੀ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਵਿੱਚ ਭਾਜਪਾ ਦੀ ਸੂਬਾ ਕਮਾਨ ਸੰਭਾਲ ਰਹੇ ਸਨ। ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਵਿੱਚ ਭਾਜਪਾ ਨੇ ਨਵੇਂ ਆਧਾਰ ਬਣਾਏ, ਲੋਕ ਸੰਪਰਕ ਵਧਾਇਆ ਅਤੇ ਜ਼ਮੀਨ ਪੱਧਰੀ ਆੰਦੋਲਨ ਦਾ ਰੂਪ ਲਿਆ।”
ਉਨ੍ਹਾਂ ਆਖਿਆ ਕਿ ਵਿਜੈ ਰੂਪਾਣੀ ਵਰਗਾ ਨੇਤਾ ਬਣਨਾ ਬਹੁਤ ਔਖਾ ਹੈ। ਉਹ ਤਜਰਬੇਕਾਰ, ਜਮੀਨ ਨਾਲ ਜੁੜਿਆ ਹੋਇਆ ਅਤੇ ਲੋਕਾਂ ਦੀ ਸੁਣਵਾਈ ਕਰਨ ਵਾਲਾ ਆਦਮੀ ਸੀ। “ਉਹਨਾਂ ਦੀ ਘਾਟ ਸਦਾ ਮਹਿਸੂਸ ਹੋਵੇਗੀ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ।” ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਸ੍ਰੀ ਰੂਪਾਣੀ ਤੋਂ ਮਿਲੀ ਪ੍ਰੇਰਣਾ ਭਾਜਪਾ ਵਰਕਰਾਂ ਲਈ ਸਦਾ ਇਕ ਮਾਰਗਦਰਸ਼ਨ ਬਣਿਆ ਰਹੇਗਾ।
ਇਸ ਸ਼ਰਧਾਂਜਲੀ ਸਮਾਗਮ ਵਿੱਚ ਵਿਨੋਦ ਭੰਮਾ, ਕੁਲਦੀਪ ਸਿੰਘ ਸੇਖੋਂ (ਬੱਪੀਆਣਾ), ਜਿਲ੍ਹਾ ਪ੍ਰਧਾਨ ਰੁਕੇਸ ਕੁਮਾਰ ਜੈਨ, ਦਿਲਬਾਗ ਸਿੰਘ ਫਫੜੇ, ਤਰਲੋਚਨ ਸਿੰਘ ਜੋਗਾ, ਅੰਕੁਸ਼ ਅਰੋੜਾ, ਗੁਰਤੇਜ ਸਿੰਘ ਤੇਜੀ, ਰਮਨੀਕ ਲਾਲੀ, ਡਾ. ਗੁਰਤੇਜ ਨਰਿੰਦਰਪੁਰਾ, ਵਿਨੌਦ ਕੁਮਾਰ ਕਾਲੀ, ਮਨਦੀਪ ਸਿੰਘ ਮਾਨ, ਗੁਰਮੇਲ ਠੇਕੇਦਾਰ, ਕਾਕਾ ਘੁੰਮਣੀਆ, ਮੱਖਣ ਲਾਲ, ਤਰਸੇਮ ਲੋਟੀਆ, ਗੁਰਸ਼ਰਨ ਸਿੰਘ, ਪੂਨਮ ਕੁਮਾਰੀ, ਸੁਖਪਾਲ ਸਿੰਘ (ਬੁਢਲਾਡਾ ਪ੍ਰਧਾਨ), ਮਾਧੋ ਮੁਰਾਰੀ, ਦਲਜੀਤ ਸਿੰਘ, ਜਗਦੀਸ਼ ਡੇਅਰੀ ਵਾਲਾ,ਦਰਸ਼ੀ ਆਦਿ ਹਾਜ਼ਰ ਸਨ।

