
ਸੰਜੀਵ ਜਿੰਦਲ
ਮਾਨਸਾ, 18 ਮਈ : ਅੱਜ ਮਾਨਸਾ ਸ਼ਹਿਰ ਦੇ ਲੋਕਾਂ ਵਿੱਚ ਦੇਸ਼ ਭਗਤੀ ਦਾ ਅਥਾਹ ਸਾਗਰ ਉਮੜ ਪਿਆ, ਜਦੋਂ ਰਾਮ ਨਾਟਕ ਕਲੱਬ, ਬਾਰਾ ਹੱਟਾ ਚੌਂਕ ਦੇ ਸੱਦੇ ‘ਤੇ ਇੱਕ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ।
ਇਸ ਯਾਤਰਾ ਦਾ ਮੁੱਖ ਉਦੇਸ਼ ਸਾਡੇ ਬਹਾਦਰ ਸੈਨਿਕਾਂ ਨੂੰ ਉਨ੍ਹਾਂ ਦੇ ਸਰਵਉੱਚ ਸਨਮਾਨ ਨਾਲ ਨਿਵਾਜਣਾ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਅਤੇ ਨਿਰਣਾਇਕ ਅਗਵਾਈ ਹੇਠ ਅੱਤਵਾਦ ਵਿਰੁੱਧ ਲੜ ਰਹੀਆਂ ਭਾਰਤੀ ਫੌਜਾਂ ਦੀ ਦ੍ਰਿੜਤਾ, ਅਨਮੋਲ ਸਮਰਪਣ ਅਤੇ ਅਸਾਧਾਰਨ ਬਹਾਦਰੀ ਦੀ ਭਰਪੂਰ ਸ਼ਲਾਘਾ ਕਰਨਾ ਸੀ।ਬਾਰਾ ਹੱਟਾ ਚੌਂਕ ਤੋਂ ਸ਼ੁਰੂ ਹੋਈ ਇਹ ਸ਼ਾਨਦਾਰ ਤਿਰੰਗਾ ਯਾਤਰਾ ਮਾਨਸਾ ਦੇ ਮੁੱਖ ਬਾਜ਼ਾਰਾਂ ਵਿੱਚੋਂ ਦੀ ਹੁੰਦੀ ਹੋਈ ਅੱਗੇ ਵਧੀ। ਹੱਥਾਂ ਵਿੱਚ ਤਿਰੰਗੇ ਝੰਡੇ ਲਹਿਰਾਉਂਦੇ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾਉਂਦੇ ਹੋਏ ਵੱਡੀ ਗਿਣਤੀ ਵਿੱਚ ਨੌਜਵਾਨਾਂ, ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਨੇ ਇਸ ਯਾਤਰਾ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਦੇ ਚਿਹਰਿਆਂ ‘ਤੇ ਦੇਸ਼ ਲਈ ਪਿਆਰ ਅਤੇ ਸਾਡੇ ਸੈਨਿਕਾਂ ਲਈ ਸਤਿਕਾਰ ਦੀ ਭਾਵਨਾ ਸਾਫ਼ ਝਲਕ ਰਹੀ ਸੀ।
ਯਾਤਰਾ ਦੌਰਾਨ ਲੋਕਾਂ ਨੇ ਭਾਰਤੀ ਸੈਨਾ ਦੇ ਜਜ਼ਬੇ ਅਤੇ ਪ੍ਰਧਾਨ ਮੰਤਰੀ ਵੱਲੋਂ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ‘ਤੇ ਕੀਤੇ ਗਏ ਸਫਲ ਹਮਲੇ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਮਜ਼ਬੂਤ ਲੀਡਰਸ਼ਿਪ ਅਤੇ ਸਾਡੇ ਸੈਨਿਕਾਂ ਦੀ ਬਹਾਦਰੀ ਸਦਕਾ ਹੀ ਅੱਜ ਭਾਰਤ ਸੁਰੱਖਿਅਤ ਮਹਿਸੂਸ ਕਰ ਰਿਹਾ ਹੈ।
ਇਸ ਮੌਕੇ ‘ਤੇ ਜਰਨਲ ਸਕੱਤਰ ਦਿਆਲ ਸੋਢੀ , ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਸ੍ਰੀ ਜਗਦੀਪ ਸਿੰਘ ਨਕਈ, ਜ਼ਿਲ੍ਹਾ ਪ੍ਰਧਾਨ ਸ੍ਰੀ ਰਾਕੇਸ਼ ਜੈਨ , ਮਨਦੀਪ ਸਿੰਘ ਮਾਨ, ਸਤੀਸ਼ ਕੁਮਾਰ, ਬੱਬੀ ਦਾਨੇਵਾਲੀਆ, ਅਮਰਿੰਦਰ ਸਿੰਘ ਕਾਕਾ ਦਾਤੇਵਾਸ, ਸੂਬੇਦਾਰ ਭੋਲਾ ਸਿੰਘ, ਕੁਲਦੀਪ ਸਿੰਘ ਸਰਪੰਚ ਬੱਪੀਆਣਾ, ਵਿਨੋਦ ਕੁਮਾਰ ਭੰਮਾ, ਗੋਮਾ ਰਾਮ ਸਰਦੂਲਗੜ,ਦਿਲਬਾਗ ਸਿੰਘ ਫਫੜੇ, ਗੁਰਤੇਜ ਸਿੰਘ ਸਮਾਓ, ਬੁੱਧ ਸਿੰਘ ਹੀਰੋ ਕਲਾਂ, ਤਰਸੇਮ ਸਿੰਘ ਲੋਟੀਆ ਗੁਰਸ਼ਰਨ ਸਿੰਘ, ਅੰਕੁਸ਼ ਅਰੋੜਾ, ਰੋਹਿਤ ਬਾਂਸਲ ਮੱਖਣ ਲਾਲ ਬਾਂਸਲ , ਪੂਰਨ ਸ਼ਰਮਾ, ਹਰਿਕਾ , ਮੰਜੂ ਬਾਂਸਲ,ਅਤੇ ਹੋਰ ਵੀ ਕਈ ਪ੍ਰਮੁੱਖ ਅਤੇ ਸੀਨੀਅਰ ਨੇਤਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਮੌਕੇ ਜਗਦੀਪ ਸਿੰਘ ਨਕਈ ਨੇ ਆਪਣੇ ਸੰਬੋਧਨ ਵਿੱਚ ਭਾਰਤੀ ਸੈਨਾ ਦੇ ਅਨਮੋਲ ਯੋਗਦਾਨ ਨੂੰ ਸਲਾਹਿਆ ਅਤੇ ਦੇਸ਼ ਵਾਸੀਆਂ ਨੂੰ ਇੱਕਜੁੱਟ ਹੋ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਦਾ ਸੱਦਾ ਦਿੱਤਾ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਅੱਤਵਾਦ ਵਿਰੁੱਧ ਫੌਜ ਦੀ ਕਾਰਵਾਈ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਾਰਤੀ ਸੈਨਾ ਨੂੰ ਸਲਾਮ ਕਰਦੇ ਹੋਏ ਯਾਤਰਾ ਦੀ ਸਫਲਤਾ ਲਈ ਸਭ ਦਾ ਧੰਨਵਾਦ ਕੀਤਾ।

