
ਪਿੰਡ ਅਕਲੀਆ ਦੇ ਸਰਕਾਰੀ ਸਕੂਲਾਂ ’ਚ ਲੱਖਾਂ ਰੁਪਏ ਦੇ ਵੱਖ ਵੱਖ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
ਸੰਜੀਵ ਜਿੰਦਲ
ਮਾਨਸਾ, 9 ਅਪ੍ਰੈਲ : ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸਿੱਖਿਆ ਕਰਾਂਤੀ ਲੋਕ ਲਹਿਰ ਬਣ ਕੇ ਹਰ ਗਲੀ ਮੁਹੱਲੇ ਤੱਕ ਪੁੱਜੀ ਹੈ। ਪੰਜਾਬ ਸਰਕਾਰ ਵੱਲੋਂ ਸਿੱਖਿਆ ਪ੍ਰਣਾਲੀ ਵਿਚ ਵੱਡੇ ਬਦਲਾਅ ਕੀਤੇ ਜਾ ਰਹੇ ਹਨ ਜਿਸ ਦਾ ਲੋਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਵੇਖਣ ਨੂੰ ਮਿਲ ਰਿਹਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਪਿੰਡ ਅਕਲੀਆ ਦੇ ਸਰਕਾਰੀ ਸਕੂਲਾਂ ਵਿਚ ਵੱਖ ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਮੌਕੇ ਕੀਤਾ।
ਵਿਧਾਇਕ ਵਿਜੈ ਸਿੰਗਲਾ ਨੇ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਵੱਡੀ ਗਿਣਤੀ ਵਿਚ ਨਵੇਂ ਅਧਿਆਪਕਾਂ ਦੀ ਭਰਤੀ ਬਿਨ੍ਹਾਂ ਕਿਸੇ ਸਿਫਾਰਿਸ਼ ਦੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਵਿਚ ਜਿੱਥੇ ਸਮਾਰਟ ਕਲਾਸਰੂਮ ਅਤੇ ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਗਈਆਂ ਹਨ ਉੱਥੇ ਹੀ ਵਾਈ ਫਾਈ, ਫਰਨੀਚਰ, ਸਕੂਲ ਬੱਸਾਂ, ਪੀਣ ਵਾਲਾ ਸਾਫ ਪਾਣੀ, ਵਧੀਆ ਬਾਥਰੂਮ, ਖੇਡ ਮੈਦਾਨਾਂ ਦੇ ਨਾਲ ਨਾਲ ਚੰਗੇ ਅਧਿਆਪਕ ਵੀ ਸਰਕਾਰੀ ਸਕੂਲਾਂ ਵਿਚ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਸਕੂਲਾਂ ਵਿਚ ਕੈਂਪ ਮੈਨੇਜ਼ਰ ਅਤੇ ਚੌਂਕੀਦਾਰ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਕਿਸੇ ਵੀ ਪੱਖੋਂ ਪ੍ਰਾਈਵੇਟ ਸਕੂਲਾਂ ਨਾਲੋਂ ਹੁਣ ਘੱਟ ਨਹੀਂ ਰਹੇ। ਉਨ੍ਹਾਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ।
ਵਿਧਾਇਕ ਸਿੰਗਲਾ ਨੇ ਕਿਹਾ ਅਧਿਆਪਕਾਂ ਦੀ ਭਰਤੀ ’ਤੇ ਲੱਗੇ 340 ਕੋਰਟ ਕੇਸ ਸਰਕਾਰ ਵੱਲੋਂ ਖ਼ਤਮ ਕਰਵਾਏ ਗਏ ਹਨ। ਸੂਬਾ ਸਰਕਾਰ ਸਕੂਲਾਂ ਵਿਚ ਅਧਿਆਪਕਾਂ ਦੀ ਗਿਣਤੀ ਨੂੰ ਪੂਰਾ ਕਰਨ ਲਈ ਹਰ ਯਤਨ ਕਰ ਰਹੀ ਹੈ ਤਾਂ ਜੋ ਅਧਿਆਪਕਾਂ ਦੀ ਭਰਤੀ ਵਿਚ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਪੇਸ਼ ਆਵੇ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਅਕਲੀਆ ਵਿਖੇ 04 ਲੱਖ 70 ਹਜ਼ਾਰ ਰੁਪਏ ਦੀ ਲਾਗਤ ਨਾਲ ਕਮਰੇ ਦਾ ਨਵੀਨੀਕਰਨ ਕਰਵਾਇਆ ਗਿਆ ਹੈ। 01 ਲੱਖ 20 ਹਜ਼ਾਰ ਰੁਪਏ ਨਾਲ ਬਾਊਂਡਰੀ ਵਾਲ ਦਾ ਨਵੀਨੀਕਰਨ ਅਤੇ 01 ਲੱਖ 40 ਹਜ਼ਾਰ ਰੁਪਏ ਨਾਲ ਟੁਆਇਲਟਸ ਦਾ ਨਵੀਨੀਕਰਨ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ (ਈ.ਜੀ.ਐਸ.) ਅਕਲੀਆ ਵਿਖੇ 07 ਲੱਖ 51 ਹਜ਼ਾਰ ਰੁਪਏ ਦੀ ਲਾਗਤ ਨਾਲ ਨਵਾਂ ਕਲਾਸਰੂਮ, 02 ਲੱਖ ਰੁਪਏ ਨਾਲ ਨਵੀਂ ਟੁਆਇਲਟ, 01 ਲੱਖ 40 ਹਜ਼ਾਰ ਰੁਪਏ ਨਾਲ ਟੁਆਇਲਟ ਰਿਪੇਅਰ ਅਤੇ 60 ਹਜ਼ਾਰ ਰੁਪਏ ਦੀ ਲਾਗਤ ਨਾਲ ਬਾਊਂਡਰੀ ਵਾਲ ਰਿਪੇਅਰ ਕਰਵਾਈ ਗਈ ਹੈ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਕਲੀਆ ਵਿਖੇ 06 ਲੱਖ 9 ਹਜ਼ਾਰ ਰੁਪਏ ਨਾਲ ਬਾਊਂਡਰੀ ਵਾਲ, 01 ਲੱਖ 13 ਹਜ਼ਾਰ ਰੁਪਏ ਨਾਲ ਲੜਕੀਆਂ ਲਈ ਟੁਆਇਲਟ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਰਕਾਰੀ ਸਕੂਲਾਂ ਦੀ ਨੁਹਾਰ ਵਿਚ ਇਨਕਲਾਬੀ ਬਦਲਾਅ ਵੇਖਣ ਨੂੰ ਮਿਲਣਗੇ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਭੀਖੀ ਵਰਿੰਦਰ ਸੋਨੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਦਨ ਲਾਲ ਕਟਾਰੀਆ, ਬੀ.ਪੀ.ਈ.ਓ. ਸਤਪਾਲ ਸਿੰਘ, ਬੀ.ਡੀ.ਪੀ.ਓ. ਭੀਖੀ ਰਾਜਾ ਸਿੰਘ, ਸਰਪੰਚ ਜਸਵੀਰ ਸਿੰਘ ਕਾਕਾ, ਗੁਰਸੇਵਕ ਸਿੰਘ ਸੇਬੀ ਅਤੇ ਸਮੂਹ ਪੰਚਾਇਤ ਮੈਂਬਰ, ਸਕੂਲ ਮੈਨੇਜ਼ਮੈਂਟ ਕਮੇਟੀ, ਅਜੈਬ ਸਿੰਘ ਬੁਰਜ ਹਰੀ ਹਲਕਾ ਸਿੱਖਿਆ ਕੋਆਰਡੀਨੇਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਰਾਜਵਿੰਦਰ ਕੌਰ, ਪ੍ਰਾਇਮਰੀ ਮੇਨ ਤੋਂ ਮਨਜੀਤ ਸਿੰਘ, ਪ੍ਰਾਇਮਰੀ ਸਕੂਲ ਈ.ਜੀ.ਐਸ. ਤੋਂ ਰਾਕੇਸ਼ ਕੁਮਾਰ, ਗੁਰਸੇਵਕ ਸਿੰਘ ਦਾਨੇਵਾਲਾ, ਗਗਨਦੀਪ ਸਿੰਘ, ਸੋਨਪ੍ਰੀਤ ਸਿੰਘ ਮਾਨ, ਗੁਰਦੀਪ ਸਿੰਘ, ਬਲਕਾਰ ਸਿੰਘ, ਗੁਰਸੇਵਕ ਸਿੰਘ, ਰਾਜਿੰਦਰ ਸਿੰਘ ਜਾਫਰੀ, ਸਟੇਜ਼ ਸੰਚਾਲਕ ਜਗਤਾਰ ਸਿੰਘ ਔਲਖ ਤੇ ਪਿੰਡ ਦੇ ਹੋਰ ਪਤਵੰਤੇ ਤੇ ਸਕੂਲ ਸਟਾਫ ਮੈਂਬਰ ਹਾਜ਼ਰ ਸਨ।

