ਸੰਜੀਵ ਜਿੰਦਲ
ਮਾਨਸਾ, 8 ਅਪ੍ਰੈਲ 2025 : ਵਿਸ਼ਵ ਸਿਹਤ ਦਿਵਸ ਦੇ ਮੌਕੇ ’ਤੇ ਆਈਐੱਮਏ ਮਾਨਸਾ ਵੱਲੋਂ ਡਬਲਯੂਐੱਚਓ ਦੀਆਂ ਹਦਾਇਤਾਂ ਅਨੁਸਾਰ ਇੱਕ ਸੈਮੀਨਾਰ ਡਾ. ਰਜਨੀਸ਼ ਚਾਇਲਡ ਕੇਅਰ ਹਸਪਤਾਲ ਵਿੱਚ ਕੀਤਾ ਗਿਆ। ਇਸ ਵਿੱਚ ਆਈਐੱਮਏ ਦੇ ਡਾਕਟਰਾਂ ਤੋਂ ਇਲਾਵਾ 100 ਦੇ ਲੱਗਪਗ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੇ ਹਿੱਸਾ ਲਿਆ।
ਇਸ ਮੌਕੇ ਵਿਸ਼ਵ ਸਿਹਤ ਦਿਵਸ ਦੀ ਮਹੱਤਤਾ ਦੱਸਦਿਆਂ ਆਈਐੱਮਏ ਦੇ ਜ਼ਿਲ੍ਹਾ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਹਰ ਸਾਲ ਡਬਲਯੂ ਐੱਚਓ ਵੱਲੋਂ ਵਿਸ਼ਵ ਪੱਧਰ ਤੇ ਸਿਹਤ ਪ੍ਰਤੀ ਕਿਸੇ ਇੱਕ ਖ਼ਾਸ ਵਿਸ਼ੇ ਨੂੰ ਲੈ ਕੇ ਉਸ ਪ੍ਰਤੀ ਪੂਰ੍ਹੀ ਦੁਨੀਆਂ ਨੂੰ ਜਾਗ੍ਰਿਤ ਕਰਨ ਲਈ ਤੇ ਲੋੜੀਂਦੇ ਐਕਸ਼ਨ ਆਦਿ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ, ਕਿਉਂਕਿ ਡਬਲਯੂ ਐੱਚਓ ਦਾ ਗਠਨ 7 ਅਪ੍ਰੈਲ 1948 ਨੂੰ ਹੋਇਆ ਸੀ। ਇਸ ਕਰਕੇ ਇਹ ਦਿਨ ਵਿਸ਼ਵ ਸਿਹਤ ਦਿਵਸ ਦੇ ਰੂਪ ਵਿੱਚ ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। 2025 ਨੂੰ ਇਸ ਦਿਨ ਦਾ ਥੀਮ ਸਿਹਤਮੰਦ ਸ਼ੁਰੂਆਤ ਆਸ਼ਾਵਾਦੀ ਭਵਿੱਖ ਅਨੁਸਾਰ ਗਰਭਵਤੀ ਮਾਤਾਵਾਂ ਅਤੇ ਨਵਜੰਮੇ ਬੱਚਿਆਂ ਦੀ ਚੰਗੀ ਸਿਹਤ ਲਈ ਅਤੇ ਉਨ੍ਹਾਂ ਦੇ ਮੌਤ ਦਰ ਘੱਟ ਕਰਨ ਲਈ ਵੱਖਰੀਆਂ ਵੱਖਰੀਆਂ ਸੰਸਥਾਵਾਂ ਵੱਲੋਂ ਵੱਖ-ਵੱਖ ਯੋਜਨਾ ਤੇ ਕੰਮ ਕਰਨਾ ਹੈ ਤਾਂ ਜੋ ਕਿ ਇੱਕ ਸਿਹਤਮੰਦ ਪਰਿਵਾਰ, ਸਿਹਤਮੰਦ ਭਾਈਚਾਰਾ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਜੇਕਰ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹੋਣਗੇ ਤਾਂ ਹੀ ਚੰਗੇ ਭਵਿੱਖ ਦੀ ਉਮੀਦ ਕੀਤੀ ਜਾ ਸਕਦੀ ਹੈ।
ਸੰਸਥਾ ਦੇ ਜਰਨਲ ਸਕੱਤਰ ਡਾ. ਸ਼ੇਰ ਜੰਗ ਸਿੰਘ ਸਿੱਧੂ ਨੇ ਸਟੇਜ ਦੀ ਕਾਰਵਾਈ ਚਲਾਉਂਦਿਆਂ ਦੱਸਿਆ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਮਾਵਾ ਅਤੇ ਬੱਚਿਆਂ ਦੀ ਸਿਹਤ ਪ੍ਰਤੀ ਬਹੁਤ ਤਰੱਕੀ ਹੋਈ ਹੈ ਪਰ ਅਸੀਂ ਹਰ ਇੱਕ ਮਾਂ ਅਤੇ ਹਰ ਇੱਕ ਬੱਚੇ ਨੂੰ ਤੰਦਰੁਸਤ ਬਣਾਉਣਾ ਚਾਹੁੰਦੇ ਹਾਂ। ਡਾ. ਰਜਨੀਸ਼ ਸਿੱਧੂ ਨੇ ਇਸ ਮੌਕੇ ਬੱਚਿਆਂ ਅਤੇ ਮਾਵਾਂ ਦੇ ਟੀਕਾਕਰਨ ਸਬੰਧੀ ਵਿਸਥਾਰ ਵਿੱਚ ਦੱਸਿਆ। ਇਸ ਮੌਕੇ ਡਾ. ਸੁਰੇਸ਼ ਸਿੰਗਲਾ, ਡਾ. ਤਰਲੋਕ ਸਿੰਘ, ਡਾ. ਵਿਸ਼ਾਲ, ਡਾ. ਸੁਖਵਿੰਦਰ ਸਿੰਘ, ਡਾ. ਸੁਖਦੇਵ ਡੂਮੇਲੀ, ਡਾਕਟਰ ਰਜਿੰਦਰ ਬਰਾੜ, ਡਾ. ਮਨੋਜ ਗੋਇਲ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਮੌਕੇ ਤੇ ਮਰੀਜ਼ਾਂ ਦੇ ਕੁਝ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।

