
ਸੰਜੀਵ ਜਿੰਦਲ
ਬੁਢਲਾਡਾ/ਮਾਨਸਾ, 18 ਮਾਰਚ 2025 :ਤਹਿਸੀਲ ਕੰਪਲੈਕਸ, ਬੁਢਲਾਡਾ ਵਿਚ ਚਾਹ, ਦੁੱਧ, ਕੰਟੀਨ ਅਤੇ ਸਾਈਕਲ/ਸਕੂਟਰ ਸਟੈਂਡ ਅਤੇ ਫੋਟੋ ਸਟੇਟ ਮਸ਼ੀਨ ਦਾ ਠੇਕਾ ਸਾਲ 2025-26 ਲਈ ਤਹਿਸੀਲ ਦਫ਼ਤਰ ਬੁਢਲਾਡਾ ਵਿਖੇ 21 ਮਾਰਚ, 2025 ਨੂੰ ਸਵੇਰੇ 10 ਵਜੇ ਬੋਲੀ ਰੱਖੀ ਗਈ ਹੈ।
ਬੋਲੀ ਦੀਆਂ ਸ਼ਰਤਾਂ ਸਬੰਧੀ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਬੁਢਲਾਡਾ ਨੇ ਦੱਸਿਆ ਕਿ ਚਾਹ ਦੁੱਧ ਕੰਟੀਨ ਦੀ ਬੋਲੀ ਦੇਣ ਵਾਲੇ ਹਰ ਇਕ ਵਿਅਕਤੀ ਨੂੰ 50 ਹਜ਼ਾਰ ਰੁਪਏ ਅਤੇ ਸਾਈਕਲ/ਸਕੂਟਰ ਸਟੈਂਡ ਦੀ ਬੋਲੀ ਦੇਣ ਲਈ ਹਰ ਇਕ ਵਿਅਕਤੀ ਨੂੰ 10 ਹਜ਼ਾਰ ਰੁਪਏ ਬਤੌਰ ਸਕਿਊਰਟੀ ਉਨ੍ਹਾਂ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਉਣੇ ਪੈਣਗੇ। ਸਫਲ ਬੋਲੀਕਾਰ ਦੀ ਸਕਿਊਰਟੀ ਜਮ੍ਹਾਂ ਰੱਖੀ ਜਾਵੇਗੀ ਅਤੇ ਅਸਫਲ ਬੋਲੀਕਾਰ ਨੂੰ ਸਕਿਊਰਟੀ ਵਾਪਸ ਕਰ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਠੇਕਾ ਸਾਲ 2025-26 ਦੀ ਪ੍ਰਵਾਨਗੀ ਦੀ ਮਿਤੀ ਤੋਂ 31 ਮਾਰਚ, 2026 ਤੱਕ ਹੋਵੇਗਾ। ਸਰਕਾਰੀ ਵਿਭਾਗ ਦੇ ਬਾਕੀਦਾਰ/ਡਿਫਾਲਟਰ ਜਾਂ ਉਸਦੇ ਕਰੀਬੀ ਰਿਸ਼ਤੇਦਾਰ ਨੂੰ ਬੋਲੀ ਦੇਣ ਦਾ ਅਧਿਕਾਰ ਨਹੀਂ ਹੋਵੇਗਾ। ਹਰ ਬੋਲੀਕਾਰ ਨੂੰ ਕਿਸੇ ਵੀ ਵਿਭਾਗ ਦਾ ਬਾਕੀਦਾਰ ਨਾ ਹੋਣ ਸਬੰਧੀ ਸਵੈ ਘੋਸ਼ਣਾ ਤੇ ਰਿਹਾਇਸ਼ੀ ਸਬੂਤ ਬੋਲੀ ਦੇਣ ਤੋਂ ਪਹਿਲਾਂ ਦੇਣਾ ਪਵੇਗਾ।
ਸਫਲ ਬੋਲੀਕਾਰ ਨੂੰ ਬੋਲੀ ਦੀ ਸਾਰੀ ਰਕਮ 07 ਦਿਨਾਂ ਦੇ ਅੰਦਰ ਅੰਦਰ ਜਮ੍ਹਾਂ ਕਰਵਾਉਣੀ ਪਵੇਗੀ, ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿਚ ਬੋਲੀਕਾਰ ਵੱਲੋਂ ਜਮ੍ਹਾਂ ਕਰਵਾਈ ਗਈ ਜ਼ਮਾਨਤ ਰਾਸ਼ੀ ਜ਼ਬਤ ਕਰ ਲਈ ਜਾਵੇਗੀ ਅਤੇ ਬੋਲੀ ਦੁਬਾਰਾ ਕਰਵਾ ਦਿੱਤੀ ਜਾਵੇਗੀ। ਠੇਕੇ ਦੀ ਮਨਜ਼ੂਰੀ ਉਪਰੰਤ ਹੀ ਠੇਕਾ ਪ੍ਰਵਾਨ ਸਮਝਿਆ ਜਾਵੇਗਾ। ਡਿਪਟੀ ਕਮਿਸ਼ਨਰ ਮਾਨਸਾ ਪਾਸੋਂ ਪ੍ਰਵਾਨਗੀ ਨਾ ਮਿਲਣ ਦੀ ਸੂਰਤ ਵਿਚ ਠੇਕਾ ਰੱਦ ਸਮਝਿਆ ਜਾਵੇਗਾ।
ਇਹ ਠੇਕਾ ਲੈਣ ਵਾਲਾ ਵਿਅਕਤੀ ਸਰਕਾਰ ਵੱਲੋਂ ਸਮੇਂ ਸਮੇਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦਾ ਪਾਬੰਦ ਹੋਵੇਗਾ ਅਤੇ ਠੇਕੇਦਾਰ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚੀਜ਼ਾਂ ਦੇ ਰੇਟ ਫਿਕਸ ਕਰਨੇ ਪੈਣਗੇ ਅਤੇ ਰੇਟ ਲਿਸਟ ਬਾਹਰ ਬੋਰਡ ’ਤੇ ਲਗਾਉਣੀ ਪਵੇਗੀ।
ਇੰਨ੍ਹਾਂ ਕੰਮਾਂ ਸਬੰਧੀ ਹਰੇਕ ਕਿਸਮ ਦਾ ਖਰਚਾ ਠੇਕੇਦਾਰ ਵੱਲੋਂ ਕੀਤਾ ਜਾਵੇਗਾ। ਠੇਕੇਦਾਰ ਬਿਨ੍ਹਾਂ ਅਗਾਊਂ ਪ੍ਰਵਾਨਗੀ ਦੇ ਬਿਲਡਿੰਗ ਵਿਚ ਕੋਈ ਤੋੜ ਭੰਨ ਆਦਿ ਨਹੀਂ ਕਰ ਸਕੇਗਾ ਅਤੇ ਸਫਾਈ ਦਾ ਖਾਸ ਧਿਆਨ ਰੱਖੇਗਾ। ਕਿਸੇ ਕਿਸਮ ਦੀ ਸ਼ਿਕਾਇਤ ਸਹੀ ਪਾਏ ਜਾਣ ਦੀ ਸੂਰਤ ਵਿਚ ਠੇਕਾ ਬਿਨ੍ਹਾਂ ਨੋਟਿਸ ਦਿੱਤਿਆਂ ਕੈਂਸਲ ਕੀਤਾ ਜਾ ਸਕਦਾ ਹੈ ਅਤੇ ਠੇਕੇਦਾਰ ਦੀ ਜ਼ਮਾਨਤ ਰਾਸ਼ੀ ਜ਼ਬਤ ਕੀਤੀ ਜਾ ਸਕਦੀ ਹੈ। ਠੇਕੇਦਾਰ ਇਸ ਠੇਕੇ ਨੂੰ ਅੱਗੇ ਤਬਦੀਲ ਨਹੀਂ ਕਰ ਸਕੇਗਾ। ਸਫਲ ਠੇਕੇਦਾਰ ਨੂੰ ਇਸ ਸਬੰਧੀ ਇਕਰਾਰਨਾਮਾ ਕਰਨਾ ਪਵੇਗਾ। ਬਾਕੀ ਸ਼ਰਤਾਂ ਮੌਕੇ ’ਤੇ ਦੱਸੀਆਂ ਜਾਣਗੀਆਂ।
ਜੋ ਵੀ ਵਿਅਕਤੀ ਤਹਿਸੀਲ ਕੰਪਲੈਕਸ, ਬੁਢਲਾਡਾ ਵਿਚ ਚਾਹ, ਦੁੱਧ ਕੰਟੀਨ, ਸਾਈਕਲ/ਸਕੂਟਰ ਸਟੈਂਡ ਅਤੇ ਫੋਟੋ ਸਟੇਟ ਮਸ਼ੀਨ ਦਾ ਠੇਕਾ ਲੈਣਾ ਚਾਹੁੰਦੇ ਹਨ, ਉਹ ਨਿਰਧਾਰਤ ਮਿਤੀ 21 ਮਾਰਚ, 2025 ਨੂੰ ਸਵੇਰੇ 10 ਵਜੇ ਤਹਿਸੀਲ ਦਫ਼ਤਰ ਬੁਢਲਾਡਾ ਵਿਖੇ ਹਾਜ਼ਰ ਹੋ ਸਕਦੇ ਹਨ।

