ਸੇਵਾ ਕੇਂਦਰਾਂ ਦੀਆਂ ਸੇਵਾਵਾਂ ਸਬੰਧੀ ਨਾਗਰਿਕ ਕਿਸੇ ਪ੍ਰਕਾਰ ਦੀ ਸ਼ਿਕਾਇਤ ਲਈ ਹੈਲਪਲਾਈਨ ਨੰਬਰ 1100 ’ਤੇ ਕਰ ਸਕਦੇ ਹਨ ਸੰਪਰਕ : ਕੁਲਵੰਤ ਸਿੰਘ

ਸੇਵਾ ਕੇਂਦਰਾਂ ’ਚ ਉਪਲੱਬਧ ਸੇਵਾਵਾਂ ਦੀ ਜਾਣਕਾਰੀ mansa.nic.in/departments/sewa- kendra/ ਪੋਰਟਲ ’ਤੇ ਵੇਖੀ ਜਾ ਸਕਦੀ ਹੈ
ਸੰਜੀਵ ਜਿੰਦਲ
ਮਾਨਸਾ, 28 ਫਰਵਰੀ 2025 :ਲੋਕਾਂ ਨੂੰ ਨਿਰਵਿਘਨ ਤੇ ਪਾਰਦਰਸ਼ੀ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਅੰਦਰ 16 ਸੇਵਾ ਕੇਂਦਰ ਕਾਰਜਸ਼ੀਲ ਹਨ, ਜਿੱਥੇ 443 ਵੱਖ ਵੱਖ ਸੇਵਾਵਾਂ ਨਾਗਰਿਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕੋਈ ਵੀ ਨਾਗਰਿਕ ਆਪਣੇ ਘਰ ਦੇ ਨਜ਼ਦੀਕ ਸੇਵਾ ਕੇਂਦਰ ਵਿਚ ਜਾ ਕੇ ਇੰਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦਾ ਹੈ। ਸੇਵਾ ਕੇਂਦਰ ਵਿਖੇ ਆਨਲਾਇਨ ਟੋਕਨ ਸਬੰਧੀ ਕਿਊ ਆਰ ਕੋਡ ਵੀ ਸਕੈਨ ਕੀਤਾ ਜਾ ਸਕਦਾ ਹੈ। ਇਸ ਤੋ ਇਲਾਵਾ 1076 ਡਾਇਲ ਕਰਕੇ ਘਰ ਬੈਠੇ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ, ਆਈ.ਏ.ਐਸ. ਨੇ ਦੱਸਿਆ ਕਿ ਸੇਵਾ ਕੇਂਦਰਾਂ ’ਚ ਉਪਲੱਬਧ ਸਾਰੀਆਂ ਸੇਵਾਵਾਂ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਆਨਲਾਈਨ ਪੋਰਟਲ https://mansa.nic.in/ departments/sewa-kendra/ ’ਤੇ ਵੇਖੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਵਿਚ ਸੇਵਾਵਾਂ ਪ੍ਰਾਪਤ ਕਰਨ ਵਿਚ ਕਿਸੇ ਪ੍ਰਕਾਰ ਦੀ ਦਿੱਕਤ ਪੇਸ਼ ਆਉਣ ਜਾਂ ਕੋਈ ਸ਼ਿਕਾਇਤ ਦਰਜ ਕਰਵਾਉਣ ਲਈ ਹੈਲਪਲਾਈਨ ਨੰਬਰ 1100 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਜਨਤਕ ਸ਼ਿਕਾਇਤ ਨਿਵਾਰਣ ਪੋਰਟਲ connect.punjab.gov.in ’ਤੇ ਵੀ ਸ਼ਿਕਾਇਤ ਦਰਜ਼ ਕਰਵਾਈ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸੇਵਾ ਕੇਂਦਰ ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ, ਐਸ.ਡੀ.ਐਮ. ਦਫ਼ਤਰ ਬੁਢਲਾਡਾ, ਐਸ.ਡੀ.ਐਮ. ਦਫ਼ਤਰ ਸਰਦੂਲਗੜ੍ਹ, ਬੀ.ਡੀ.ਪੀ.ਓ. ਦਫ਼ਤਰ ਬੁਢਲਾਡਾ, ਵਾਟਰ ਵਰਕਸ ਬਰੇਟਾ, ਸਾਹਮਣੇ ਸ਼ਨੀ ਮੰਦਰ ਨੇੜੇ ਨਵਾਂ ਵਾਟਰ ਵਰਕਸ ਭੀਖੀ, ਨੇੜੇ ਪ੍ਰਾਇਮਰੀ ਸਕੂਲ ਸਰਦੂਲਗੜ੍ਹ, ਛਿੰਦਾ ਮੈਂਬਰ ਵਾਲੀ ਗਲੀ ਗੱਦੜਪੱਤੀ ਬੋਹਾ, ਬਿਜਲੀ ਬੋਰਡ ਦਫ਼ਤਰ ਜੋਗਾ, ਪਿੰਡ ਰਾਏਪੁਰ, ਸਾਹਨੇਵਾਲੀ, ਕੁਲਰੀਆਂ, ਦੋਦੜਾ, ਦੂਲੋਵਾਲ ਅਤੇ ਮੱਤੀ ਵਿਖੇ ਸਥਾਪਿਤ ਹਨ।

