
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਨਵੀਂ ਦਿੱਲੀ ਰੇਲਵੇ ਸਟੇਸ਼ਨ ਉਤੇ ਭਗਦੜ ਮਚਣ ਕਾਰਨ ਲਗਭਗ 18 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਕਈ ਲੋਕ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਲੋਕਨਾਇਕ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਇਸ ਸਮੇਂ ਹਸਪਤਾਲ ਵਿੱਚ 12 ਲੋਕ ਇਲਾਜ ਅਧੀਨ ਹਨ। ਹਰ ਕੋਈ ਖਤਰੇ ਤੋਂ ਬਾਹਰ ਹੈ। ਇੱਕ ਹੋਰ ਡਾਕਟਰ ਨੇ ਦੱਸਿਆ ਕਿ ਹਸਪਤਾਲ ਵਿੱਚ ਆਈਆਂ 15 ਲਾਸ਼ਾਂ ਦਾ ਪੋਸਟਮਾਰਟਮ ਭਲਕੇ ਕੀਤਾ ਜਾਵੇਗਾ। ਪੁਲਿਸ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ 9 ਲਾਸ਼ਾਂ ਦਾ ਪੋਸਟਮਾਰਟਮ ਲੋਕਨਾਇਕ ਵਿਖੇ ਅਤੇ 6 ਲਾਸ਼ਾਂ ਦਾ ਪੋਸਟਮਾਰਟਮ ਰਾਮ ਮਨੋਹਰ ਲੋਹੀਆ ਹਸਪਤਾਲ ਵਿਖੇ ਕੀਤਾ ਜਾਵੇਗਾ।
ਰੇਲਵੇ ਸਟੇਸ਼ਨ ‘ਤੇ ਸ਼ਨਿੱਚਰਵਾਰ ਰਾਤ ਨੂੰ ਭਗਦੜ ਮੱਚ ਗਈ। ਇਸ ਹਾਦਸੇ ‘ਚ 18 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚ 9 ਔਰਤਾਂ, 4 ਪੁਰਸ਼ ਅਤੇ 5 ਬੱਚੇ ਸ਼ਾਮਲ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ 9 ਬਿਹਾਰ, 8 ਦਿੱਲੀ ਅਤੇ ਇੱਕ ਹਰਿਆਣਾ ਤੋਂ ਹੈ। ਇਹ ਘਟਨਾ ਪਲੇਟਫਾਰਮ ਨੰਬਰ 13 ਅਤੇ 14 ‘ਤੇ ਰਾਤ ਕਰੀਬ 10 ਵਜੇ ਵਾਪਰੀ। ਘਟਨਾ ਦੇ ਸਮੇਂ ਹਜ਼ਾਰਾਂ ਸ਼ਰਧਾਲੂ ਪ੍ਰਯਾਗਰਾਜ ਮਹਾਕੁੰਭ ‘ਚ ਜਾਣ ਲਈ ਸਟੇਸ਼ਨ ‘ਤੇ ਇਕੱਠੇ ਹੋਏ ਸਨ ਅਤੇ ਟਰੇਨ ‘ਚ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ। ਘਟਨਾ ਦੀ ਸੂਚਨਾ ਮਿਲਣ ‘ਤੇ ਦਿੱਲੀ ਦੇ ਐਲਜੀ ਵੀਕੇ ਸਕਸੈਨਾ ਅਤੇ ਸਾਬਕਾ ਸੀਐਮ ਆਤਿਸ਼ੀ ਜ਼ਖਮੀਆਂ ਦਾ ਹਾਲ-ਚਾਲ ਪੁੱਛਣ ਹਸਪਤਾਲ ਪਹੁੰਚੇ।
ਰੇਲਵੇ ਪੁਲਿਸ ਅਤੇ ਦਿੱਲੀ ਪੁਲਿਸ ਨੇ ਜ਼ਖਮੀਆਂ ਨੂੰ ਐਲਐਨਜੇਪੀ ਅਤੇ ਲੇਡੀ ਹਾਰਡਿੰਗ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਇਸ ਦੇ ਨਾਲ ਹੀ ਰੇਲਵੇ ਅਧਿਕਾਰੀਆਂ ਨੇ ਭੀੜ-ਭੜੱਕੇ ਅਤੇ ਹੰਗਾਮੇ ਕਾਰਨ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਭਗਦੜ ਦੇ ਦਾਅਵਿਆਂ ਤੋਂ ਇਨਕਾਰ ਕੀਤਾ ਹੈ। ਰੇਲਵੇ ਨੇ ਕਿਹਾ, ਇਹ ਘਟਨਾ ਪਲੇਟਫਾਰਮ ‘ਤੇ ਹਜ਼ਾਰਾਂ ਮਹਾਕੁੰਭ ਸ਼ਰਧਾਲੂਆਂ ਦੇ ਇਕੱਠੇ ਹੋਣ ਤੋਂ ਬਾਅਦ ਵਾਪਰੀ। ਡੀਸੀਪੀ ਰੇਲਵੇ ਕੇਪੀਐਸ ਮਲਹੋਤਰਾ ਨੇ ਕਿਹਾ ਕਿ ਸਾਨੂੰ ਭੀੜ ਦੀ ਉਮੀਦ ਸੀ, ਪਰ ਇਹ ਸਭ ਕੁਝ ਇੰਨੇ ਘੱਟ ਸਮੇਂ ਵਿੱਚ ਹੋ ਗਿਆ ਅਤੇ ਇਸ ਲਈ ਇਹ ਸਥਿਤੀ ਪੈਦਾ ਹੋਈ। ਰੇਲਵੇ ਵੱਲੋਂ ਤੱਥਾਂ ਦੀ ਜਾਂਚ ਕੀਤੀ ਜਾਵੇਗੀ। ਪੁੱਛਗਿੱਛ ਤੋਂ ਬਾਅਦ ਘਟਨਾ ਦੇ ਕਾਰਨਾਂ ਦਾ ਪਤਾ ਲੱਗੇਗਾ।

