ਸੀ ਪਾਈਟ ਕੈਂਪ ਕਾਲਝਰਾਣੀ, ਬਠਿੰਡਾ ਵਿਖੇ 10 ਫਰਵਰੀ ਤੋਂ 20 ਅਪ੍ਰੈਲ ਤੱਕ ਕਰਵਾਇਆ ਜਾਵੇਗਾ ਕੋਰਸ
ਸੰਜੀਵ ਜਿੰਦਲ
ਮਾਨਸਾ, 17 ਜਨਵਰੀ 2025 : ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਸਿਖਲਾਈ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਬੋੜਾਵਾਲ (ਭੀਖੀ-ਬੁਢਲਾਡਾ ਰੋਡ) ਜ਼ਿਲ੍ਹਾ ਮਾਨਸਾ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਸਕਿਊਰਟੀ ਸਿਖਲਾਈ ਕੋਰਸ ਕਰਵਾਉਣ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆ ਕੈਂਪ ਕਾਲਝਰਾਣੀ ਦੇ ਟਰੇਨਿੰਗ ਅਧਿਕਾਰੀ, ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਸਿਖਲਾਈ ਕੋਰਸ 10 ਫਰਵਰੀ 2025 ਤੋਂ 20 ਅਪ੍ਰੈਲ 2025 ਤੱਕ ਸੀ-ਪਾਈਟ ਕੈਂਪ, ਕਾਲਝਰਾਣੀ (ਬਠਿੰਡਾ) ਵਿਖੇ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਕੋਰਸ ਕਰਨ ਵਾਸਤੇ ਉਮੀਦਵਾਰ ਦੀ ਯੋਗਤਾ 10ਵੀਂ, 12ਵੀਂ ਜਮਾਤ ਜਾਂ ਉੱਚ ਯੋਗਤਾ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਉਮਰ ਸੀਮਾਂ 18 ਤੋਂ 25 ਸਾਲ ਹੋਣੀ ਚਾਹੀਦੀ ਹੈ। ਇਸ ਕੋਰਸ ਦੀਆਂ 15 ਸੀਟਾਂ ਹਨ। ਉਨ੍ਹਾਂ ਯੁਵਕਾਂ ਦੀ ਅਪੀਲ ਕੀਤੀ ਕਿ ਆਪਣੀ ਰਜਿਸਟ੍ਰੇਸ਼ਨ ਪਹਿਲ ਦੇ ਆਧਾਰ ’ਤੇ ਕਰਵਾਉਣ। ਸਕਿਉਰਟੀ ਗਾਰਡ ਸਿਖਲਾਈ ਦਾ ਕੋਰਸ ਪੂਰਾ ਕਰਨ ਵਾਲੇ ਯੁਵਕਾਂ ਨੂੰ ਪੰਜਾਬ ਸਰਕਾਰ ਵੱਲੋਂ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਜੋ ਕਿ ਸਰਕਾਰੀ ਸੰਸਥਾ, ਅਰਧ-ਸਰਕਾਰੀ ਸੰਸਥਾ, ਵੱਡੀਆਂ ਇੰਡਸਟਰੀਜ਼ ਵਿੱਚ ਨੌਕਰੀ ਲੈਣ ਵਾਸਤੇ ਵੈਧ ਮੰਨਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਕੋਰਸ ਪੂਰਾ ਹੋਣ ਉਪਰੰਤ ਵੱਖ-ਵੱਖ ਸਕਿਊਰਟੀ ਏਜੰਸੀਆਂ ਵੱਲੋਂ ਕੈਂਪ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ। ਇਸ ਕੋਰਸ ਦੌਰਾਨ ਯੁਵਕਾਂ ਨੂੰ ਮੁਫ਼ਤ ਰਿਹਾਇਸ਼ ਅਤੇ ਖਾਣੇ ਦੀ ਸੁਵਿਧਾ ਦਿੱਤੀ ਜਾਵੇਗੀ। ਉਨ੍ਹਾਂ ਅਪੀਲ ਕੀਤੀ ਕਿ ਯੁਵਕ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ।
ਪੰਜਾਬ ਰਾਜ ਦੇ ਵਸਨੀਕ ਸਕਿਊਰਟੀ ਗਾਰਡ ਸਿਖਲਾਈ ਕੋਰਸ ਕਰਨ ਦੇ ਚਾਹਵਾਨ ਯੁਵਕ 18, ਜਨਵਰੀ 2025 ਤੋਂ ਕਿਸੇ ਵੀ ਦਿਨ ਸਵੇਰੇ 09:00 ਵਜੇ ਸੀ-ਪਾਈਟ ਕੈਂਪ, ਪਿੰਡ ਬੋੜਾਵਾਲ ਜ਼ਿਲ੍ਹਾ ਮਾਨਸਾ ਵਿਖੇ ਦਸਵੀ, ਬਾਰਵੀ, ਉੱਚ ਯੋਗਤਾ ਦੇ ਸਰਟੀਫਿਕੇਟ ਦੀਆਂ ਫੋਟੋਆਂ ਕਾਪੀਆਂ, ਅਧਾਰ ਕਾਰਡ ਦੀ ਫੋਟੋ ਕਾਪੀ ਅਤੇ 02 ਤਾਜਾ ਪਾਸਪੋਰਟ ਸਾਈਜ਼ ਫੋਟੋਆਂ ਸਮੇਤ ਨਿੱਜੀ ਤੌਰ ’ਤੇ ਪਹੁੰਚ ਕੇ ਰਜ਼ਿਸਟ੍ਰੇਸ਼ਨ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ 98148-50214, 90563-35220 ’ਤੇ ਸੰਪਰਕ ਕੀਤਾ ਜਾ ਸਕਦਾ ਹੈ ।
