ਬਿਊਰੋ, ਪ੍ਰਾਈਮ ਪੋਸਟ ਪੰਜਾਬ
ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਅੱਜ ਤੋਂ ਮਾਹੌਲ ਭਖ ਗਿਆ ਹੈ। ਪੰਚਾਇਤੀ ਚੋਣਾਂ ਨੂੰ ਲੈ ਕੇ ਪੇਂਡੂ ਖੇਤਰਾਂ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਨਾਮਜ਼ਦਗੀ ਪ੍ਰਕਿਰਿਆ 27 ਸਤੰਬਰ ਅੱਜ ਤੋਂ ਸ਼ੁਰੂ ਹੋਵੇਗੀ ਅਤੇ 4 ਅਕਤੂਬਰ ਤੱਕ ਜਾਰੀ ਰਹੇਗੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਅਕਤੂਬਰ ਨੂੰ ਹੋਵੇਗੀ ਅਤੇ ਉਮੀਦਵਾਰ 7 ਅਕਤੂਬਰ ਨੂੰ ਆਪਣੇ ਨਾਮ ਵਾਪਸ ਲੈ ਸਕਣਗੇ। 15 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਨਤੀਜਾ ਐਲਾਨਿਆ ਜਾਵੇਗਾ।
ਪੰਜਾਬ ਦੀਆਂ 13,237 ਪੰਚਾਇਤਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਹੋਣੇ ਹਨ ਜਿਨ੍ਹਾਂ ’ਚੋਂ 13,237 ਸਰਪੰਚ ਅਤੇ 84,437 ਪੰਚ ਚੁਣੇ ਜਾਣਗੇ। ਵੋਟਾਂ ਲਈ 19,110 ਪੋਲਿੰਗ ਬੂਥ ਬਣਾਏ ਜਾਣਗੇ।
ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਨਵੀਆਂ ਸਕੀਮਾਂ, ਨਵੇਂ ਵਿਕਾਸ ਕਾਰਜਾਂ ਅਤੇ ਨਵੇਂ ਵਰਕ ਆਰਡਰਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲੱਗ ਜਾਵੇਗੀ। ਪੰਜਾਬ ਰਾਜ ਚੋਣ ਕਮਿਸ਼ਨ ਨੇ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤਾਂ ਵਾਲਾ 99 ਪੰਨਿਆਂ ਦਾ ਕਿਤਾਬਚਾ ਜਾਰੀ ਕੀਤਾ ਹੈ।ਪੰਚਾਇਤ ਚੋਣਾਂ ਲਈ ਐੱਸਡੀਐੱਮਜ਼ ਨੂੰ ਨੋਡਲ ਅਫ਼ਸਰ ਲਗਾਇਆ ਹੈ, ਜਿਨ੍ਹਾਂ ਨਾਮਜ਼ਦਗੀ ਪੱਤਰ ਲੈਣ ਲਈ ਸਬੰਧਤ ਸਥਾਨ ਵੀ ਨਿਸ਼ਚਿਤ ਕਰ ਦਿੱਤੇ ਹਨ।
ਆਦਰਸ਼ ਚੋਣ ਜ਼ਾਬਤਾ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਦੇ ਮਾਰਗਦਰਸ਼ਨ ਲਈ ਨਿਰਧਾਰਤ ਮਾਪਦੰਡਾਂ ਦਾ ਇੱਕ ਸਮੂਹ ਹੈ, ਜੋ ਸਿਆਸੀ ਪਾਰਟੀਆਂ ਦੀ ਸਹਿਮਤੀ ਨਾਲ ਤਿਆਰ ਕੀਤਾ ਜਾਂਦਾ ਹੈ। ਆਦਰਸ਼ ਚੋਣ ਜ਼ਾਬਤੇ ਵਿੱਚ ਚੋਣ ਕਮਿਸ਼ਨ ਦੀ ਭੂਮਿਕਾ ਅਹਿਮ ਹੁੰਦੀ ਹੈ।
ਆਦਰਸ਼ ਚੋਣ ਜ਼ਾਬਤਾ ਕਿੰਨੀ ਦੇਰ ਤੱਕ ਲਾਗੂ ਰਹਿੰਦਾ ਹੈ ?
ਇਹ ਚੋਣ ਕਮਿਸ਼ਨ ਦੁਆਰਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੀ ਮਿਤੀ ਤੋਂ ਲਾਗੂ ਹੁੰਦਾ ਹੈ ਅਤੇ ਚੋਣ ਪ੍ਰਕਿਰਿਆ ਦੇ ਪੂਰਾ ਹੋਣ ਤੱਕ ਲਾਗੂ ਰਹਿੰਦਾ ਹੈ। ਲੋਕ ਸਭਾ ਚੋਣਾਂ ਦੌਰਾਨ, ਆਦਰਸ਼ ਚੋਣ ਜ਼ਾਬਤਾ ਪੂਰੇ ਦੇਸ਼ ਵਿੱਚ ਲਾਗੂ ਹੁੰਦਾ ਹੈ, ਜਦੋਂ ਕਿ ਵਿਧਾਨ ਸਭਾ ਚੋਣਾਂ ਦੌਰਾਨ, ਇਹ ਪੂਰੇ ਰਾਜ ਵਿੱਚ ਲਾਗੂ ਹੁੰਦਾ ਹੈ।

