
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਧਮਕੀ ਈਮੇਲ ਰਾਹੀਂ ਅੰਮ੍ਰਿਤਸਰ ਏਅਰਪੋਰਟ ਨੂੰ ਦਿੱਤੀ ਗਈ ਸੀ
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ਨੀਵਾਰ ਨੂੰ ਬੰਬ ਦੀ ਧਮਕੀ ਮਿਲੀ ਹੈ। ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕਰ ਲਈ ਹੈ, ਜਦਕਿ ਫ਼ਿਰੋਜ਼ਪੁਰ ਤੋਂ ਗੁਰਦੇਵ ਸਿੰਘ ਨਾਮਕ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਉਸਦੇ ਨਾਮਜ਼ਦ ਕੀਤੇ ਦੋ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ।


ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਧਮਕੀ ਈਮੇਲ ਰਾਹੀਂ ਅੰਮ੍ਰਿਤਸਰ ਏਅਰਪੋਰਟ ਨੂੰ ਦਿੱਤੀ ਗਈ ਸੀ। ਈਮੇਲ ਅੰਮ੍ਰਿਤਸਰ ਏਅਰਪੋਰਟ ਅਥਾਰਟੀ ਨੂੰ ਭੇਜੀ ਗਈ ਸੀ। ਈਮੇਲ ਵਿੱਚ ਮੁਲਜ਼ਮਾਂ ਨੇ ਹਵਾਈ ਅੱਡੇ ਵਿੱਚ ਵੱਖ-ਵੱਖ ਥਾਵਾਂ ’ਤੇ ਕੁੱਲ 6 ਬੰਬ ਰੱਖਣ ਦਾ ਦਾਅਵਾ ਕੀਤਾ ਸੀ। ਮੁਲਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੂੰ 1 ਕਰੋੜ ਰੁਪਏ ਦਿੱਤੇ ਜਾਣ, ਨਹੀਂ ਤਾਂ ਉਹ ਏਅਰਪੋਰਟ ਨੂੰ ਬੰਬ ਨਾਲ ਉਡਾ ਦੇਣਗੇ।

ਈਮੇਲ ਵਿੱਚ ਦਿੱਤੀ ਗਈ ਜਾਣਕਾਰੀ ਅੰਮ੍ਰਿਤਸਰ ਪੁਲੀਸ ਨਾਲ ਸਾਂਝੀ ਕੀਤੀ ਗਈ। ਇਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਦਾ ਸਾਈਬਰ ਵਿਭਾਗ ਸਰਗਰਮ ਹੋ ਗਿਆ। ਅੰਮ੍ਰਿਤਸਰ ਪੁਲਿਸ ਦੀ ਸਾਈਬਰ ਕ੍ਰਾਈਮ ਟੀਮ ਨੇ ਈਮੇਲ ਭੇਜਣ ਵਾਲੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਬਾਰੇ ਜਾਣਕਾਰੀ ਆਈਪੀ ਐਡਰੈੱਸ ਤੋਂ ਹਾਸਲ ਕੀਤੀ ਗਈ ਸੀ। ਮੁਲਜ਼ਮ ਦੀ ਪਛਾਣ ਗੁਰਦੇਵ ਸਿੰਘ ਵਾਸੀ ਫ਼ਿਰੋਜ਼ਪੁਰ ਵਜੋਂ ਹੋਈ ਹੈ।

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਪੁਲੀਸ ਨੂੰ ਦੋ ਹੋਰ ਮੁਲਜ਼ਮਾਂ ਬਾਰੇ ਦੱਸਿਆ। ਪੁਲਿਸ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲੀਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਗੁਰਦੇਵ ਨੂੰ ਹਿਰਾਸਤ ਵਿੱਚ ਲੈ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਅਦਾਲਤ ਨੇ ਮੁਲਜ਼ਮ ਗੁਰਦੇਵ ਨੂੰ ਤਿੰਨ ਦਿਨਾਂ ਲਈ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।

