
ਹੁਸ਼ਿਆਰਪੁਰ ਦੇ ਪਿੰਡ ਹਰਸੀ ਵਿੱਚ ਇੱਕ ਐਨਆਰਆਈ ਪਰਿਵਾਰ ਦੀ ਔਰਤ ਬਲਜਿੰਦਰ ਕੌਰ ਦੇ ਕਤਲ ਦੇ ਦੋਸ਼ ਵਿੱਚ ਪੁਲੀਸ ਨੇ ਉਸ ਦੇ ਮਤਰੇਏ ਪੁੱਤ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਉਕਤ ਮਾਮਲੇ ਨਾਲ ਸਬੰਧਤ ਅਹਿਮ ਦਸਤਾਵੇਜ਼ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ। ਕਤਲ ਦਾ ਕਾਰਨ ਮੁਲਜ਼ਮ ਦੇ ਨਾਂ ’ਤੇ ਮਕਾਨ ਨਾ ਮਿਲਣ ਅਤੇ ਉਸ ਨੂੰ ਕੈਨੇਡਾ ਨਾ ਭੇਜਣ ਨੂੰ ਲੈ ਕੇ ਰੰਜਿਸ਼ ਦੱਸਿਆ ਜਾ ਰਿਹਾ ਹੈ।
ਐਸਐਸਪੀ ਸੁਰਿੰਦਰ ਲਾਂਬਾ ਨੇ ਪੁਲੀਸ ਲਾਈਨ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਸ ਕਤਲ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਪੁਲੀਸ ਦੀ ਵਿਸ਼ੇਸ਼ ਟੀਮ ਨੇ ਸੀਸੀਟੀਵੀ ਕੈਮਰਿਆਂ ਅਤੇ ਕਾਲ ਡਿਟੇਲ ਦੀ ਮਦਦ ਨਾਲ 24 ਘੰਟਿਆਂ ਵਿੱਚ ਇਸ ਕੇਸ ਨੂੰ ਸੁਲਝਾ ਲਿਆ ਹੈ। ਘਟਨਾ ਦੇ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਝਾਂਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ ਮ੍ਰਿਤਕ ਬਲਜਿੰਦਰ ਕੌਰ ਦੇ ਪਤੀ ਬਲਵਿੰਦਰ ਸਿੰਘ ਨੇ ਦੋ ਵਿਆਹ ਕੀਤੇ ਸਨ। ਉਸ ਦੀ ਪਹਿਲੀ ਪਤਨੀ ਸਤਿੰਦਰ ਕੌਰ ਵਾਸੀ ਪਿੰਡ ਝਾਂਵਾਂ ਦੇ ਤਿੰਨ ਬੱਚੇ ਹਨ। ਗੁਰਪ੍ਰੀਤ ਸਿੰਘ ਨੂੰ ਕਾਫੀ ਸਮਾਂ ਪਹਿਲਾਂ ਉਸਦੇ ਪਿਤਾ ਬਲਵਿੰਦਰ ਸਿੰਘ ਨੇ ਘਰੋਂ ਕੱਢ ਦਿੱਤਾ ਸੀ ਅਤੇ ਉਹ ਪਿੰਡ ਘੋੜੇਵਾਹਾ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।
ਉਸ ਨੇ ਦੱਸਿਆ ਕਿ ਬਲਵਿੰਦਰ ਦੀ ਦੂਜੀ ਪਤਨੀ ਬਲਜਿੰਦਰ ਕੌਰ ਦੇ ਵੀ ਤਿੰਨ ਬੱਚੇ ਹਨ ਅਤੇ ਤਿੰਨੋਂ ਕੈਨੇਡਾ ਰਹਿੰਦੇ ਹਨ। ਗੁਰਪ੍ਰੀਤ ਸਿੰਘ ਚਾਹੁੰਦਾ ਸੀ ਕਿ ਬਲਜਿੰਦਰ ਕੌਰ ਪਿੰਡ ਝਾਂਵਾਂ ਵਿੱਚ ਸਥਿਤ ਮਕਾਨ ਉਸ ਦੇ ਨਾਂ ’ਤੇ ਟਰਾਂਸਫਰ ਕਰੇ ਅਤੇ ਉਸ ਨੂੰ ਕੈਨੇਡਾ ਵਿੱਚ ਆਪਣੇ ਬੱਚਿਆਂ ਕੋਲ ਵੀ ਭੇਜੇ ਪਰ ਉਸ ਨੇ ਅਜਿਹਾ ਨਹੀਂ ਕੀਤਾ। ਇਸੇ ਰੰਜਿਸ਼ ਕਾਰਨ ਗੁਰਪ੍ਰੀਤ ਨੇ ਬਲਜਿੰਦਰ ਕੌਰ ਦਾ ਕਤਲ ਕਰ ਦਿੱਤਾ।

