
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਕਦੇ ਅਮਰੀਕਾ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਵਾਲਾ ਜਗਦੀਪ ਸਿੰਘ ਹੁਣ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ। 7.6 ਫੁੱਟ ਕੱਦ ਵਾਲੇ ਜਗਦੀਪ ਸਿੰਘ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਹੁਣ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਸ਼ੁੱਕਰਵਾਰ ਨੂੰ ਉਸ ਨੂੰ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।

ਜਗਦੀਪ ਸਿੰਘ ਇੰਡੀਆਜ਼ ਗੌਟ ਟੈਲੇਂਟ ਸ਼ੋਅ ਵਿੱਚ ਵੀ ਨਜ਼ਰ ਆ ਚੁੱਕੇ ਹਨ। ਕੁਝ ਸਮਾਂ ਪਹਿਲਾਂ ਤਰਨਤਾਰਨ ਦੇ ਰਹਿਣ ਵਾਲੇ ਜਗਦੀਪ ਨੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਜਗਦੀਪ ਸਿੰਘ ਦੇ ਦੋ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਪਤਾ ਲੱਗਾ ਹੈ ਕਿ ਜਗਦੀਪ ਸਿੰਘ ਵੀ ਕੁਝ ਦਿਨਾਂ ਵਿਚ ਅਮਰੀਕਾ ਜਾਣ ਵਾਲਾ ਸੀ। ਜ਼ਿਕਰਯੋਗ ਹੈ ਕਿ ਜਗਦੀਪ ਸਿੰਘ ਆਪਣੇ ਕੱਦ ਕਾਰਨ ਕਾਫੀ ਸੁਰਖੀਆਂ ‘ਚ ਰਹੇ ਸਨ। ਮੁਲਜ਼ਮ ਆਪਣੀ ਬੋਲੈਰੋ ਗੱਡੀ ’ਤੇ ਪੰਜਾਬ ਪੁਲੀਸ ਦਾ ਸਟਿੱਕਰ ਵੀ ਲਗਾ ਕੇ ਘੁੰਮਦਾ ਰਹਿੰਦਾ ਸੀ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਹੈਰੋਇਨ ਦੀ ਤਸਕਰੀ ਕਰਦਾ ਹੈ। ਸੈੱਲ ਨੇ ਇਸ ਦੇ ਆਧਾਰ ‘ਤੇ ਤਰਨਤਾਰਨ ‘ਚ ਗੁਪਤ ਸੂਚਨਾ ਦੇ ਆਧਾਰ ‘ਤੇ ਉਸ ਨੂੰ ਗ੍ਰਿਫਤਾਰ ਕੀਤਾ ਹੈ।
ਜਗਦੀਪ ਦਾ ਕੱਦ ਖਲੀ ਤੋਂ ਵੱਧ ਹੈ
ਦੱਸਿਆ ਜਾਂਦਾ ਹੈ ਕਿ ਜਗਦੀਪ ਸਿੰਘ ਦੁਨੀਆ ਦਾ ਸਭ ਤੋਂ ਲੰਬਾ ਪੁਲਿਸ ਮੁਲਾਜ਼ਮ ਸੀ। ਉਹ ਜੁੱਤੀ ਨੰਬਰ 19 ਪਾਉਂਦਾ ਹੈ। ਖਾਸ ਗੱਲ ਇਹ ਹੈ ਕਿ ਜਗਦੀਪ ਸਿੰਘ ਦਿ ਗ੍ਰੇਟ ਖਲੀ ਤੋਂ ਪੰਜ ਇੰਚ ਲੰਬੇ ਹਨ। ਦਿ ਗ੍ਰੇਟ ਖਲੀ ਦਾ ਕੱਦ 7 ਫੁੱਟ 1 ਇੰਚ ਹੈ। ਜਦੋਂ ਜਗਦੀਪ ਸਿੰਘ ਪੁਲੀਸ ਵਿੱਚ ਕੰਮ ਕਰਦਾ ਸੀ ਤਾਂ ਉਸ ਦੇ ਕੱਦ ਕਾਰਨ ਉਸ ਨੂੰ ਵਿਸ਼ੇਸ਼ ਵਰਦੀ ਦੀ ਸਿਲਾਈ ਕਰਵਾਉਣੀ ਪੈਂਦੀ ਸੀ। ਜਗਦੀਪ ਤੋਂ ਪਹਿਲਾਂ ਸਭ ਤੋਂ ਲੰਬੇ ਪੁਲਿਸ ਮੁਲਾਜ਼ਮ ਦਾ ਖਿਤਾਬ ਹਰਿਆਣਾ ਦੇ 7 ਫੁੱਟ 4 ਇੰਚ ਦੇ ਰਾਜੇਸ਼ ਕੋਲ ਸੀ।

