ਸੰਜੀਵ ਜਿੰਦਲ
ਮਾਨਸਾ, 5 ਦਸੰਬਰ 2023 : ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਮਾਲਵਾ ਜ਼ੋਨ ਨਾਲ ਸਬੰਧਿਤ ਜ਼ਿਲ੍ਹਿਆਂ ਦੇ ਆਗੂਆਂ ਦੀ ਅਹਿਮ ਮੀਟਿੰਗ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਸੂਬਾ ਆਗੂ ਬਿੰਦਰ ਕੌਰ ਉੱਡਤ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੌਕੇ ਮੀਟਿੰਗ ਵਿੱਚ ਹੋਏ ਫੈਸਲਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਤੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਲੋਕਾਂ ਨੇ ਵੱਡੀਆਂ ਆਸਾਂ ਉਮੀਦਾਂ ਦੇ ਨਾਲ ਮਾਨ ਸਰਕਾਰ ਨੂੰ ਸੱਤਾ ਚ ਲਿਆਂਦਾ ਸੀ ਜਿਸ ਵਿੱਚ ਮਜ਼ਦੂਰ ਭਾਈਚਾਰੇ ਦੀ ਅਹਿਮ ਭੂਮਿਕਾ ਰਹੀ ਹੈ।ਇਸ ਮੌਕੇ ਆਪ ਸਰਕਾਰ ਸਿਰੇ ਦੀ ਮਜ਼ਦੂਰ ਵਿਰੋਧੀ ਸਾਬਿਤ ਹੋਈ ਹੈ, ਉਨ੍ਹਾਂ ਕਿਹਾ ਕਿ ਮਜ਼ਦੂਰਾਂ ਸਿਰ ਚੜ੍ਹੇ ਸਰਕਾਰੀ ਤੇ ਮਾਇਕਰੋ ਫਾਇਨਾਂਸ ਕੰਪਨੀਆਂ ਦੇ ਕਰਜ਼ੇ ਮੁਆਫ਼ ਕਰਾਏ ਜਾਣ, ਮਜ਼ਦੂਰ ਵਿਰੋਧੀ ਕਾਲੇ ਕਿਰਤ ਕਾਨੂੰਨ ਰੱਦ ਕਰਕੇ ਕਾਨੂੰਨਣ ਕੰਮ ਦਿਹਾੜੀ ਛੇ ਘੰਟੇ ਕੀਤੇ ਜਾਣ, ਲੋੜਵੰਦ ਮਜ਼ਦੂਰ ਪਰਿਵਾਰਾਂ ਨੂੰ ਪਲਾਟ ਅਲਾਟ ਕੀਤੇ ਜਾਣ, ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਮਜ਼ਦੂਰਾਂ ਨੂੰ ਠੇਕੇ ਤੇ ਦਿੱਤੇ ਜਾਣ ਨੂੰ ਯਕੀਨੀ ਬਣਾਏ ਜਾਣ, ਚੋਣ ਵਾਅਦੇ ਮੁਤਾਬਿਕ ਔਰਤਾਂ ਨੂੰ 1000 ਰੁਪਏ ਭੱਤਾ ਯਕੀਨੀ ਬਣਾਇਆ ਜਾਵੇ, ਦਲਿਤਾਂ ਤੇ ਹੋ ਰਹੇ ਜ਼ਾਤੀ ਜ਼ਬਰ ਨੂੰ ਨੱਥ ਪਾਏ ਜਾਣ ਤੇ ਨਸ਼ਿਆਂ ਦੇ ਕਾਰੋਬਾਰ ਤੇ ਰੋਕ ਲਗਾ ਨਸ਼ਿਆਂ ਦੇ ਕਾਰੋਬਾਰੀਆਂ ਦੀਆਂ ਜਾਇਦਾਦਾਂ ਜ਼ਬਤ ਕਰਨ ਅਤੇ ਮਨਰੇਗਾ ਕਾਨੂੰਨ ਤਹਿਤ 200 ਦਿਨ ਕੰਮ ਤੇ 700 ਰੁਪੈ ਦਿਹਾੜੀ ਯਕੀਨੀ ਬਣਾਏ ਜਾਣ ਆਦਿ ਮੰਗਾਂ ਮਸਲਿਆਂ ਨੂੰ ਲੈਕੇ 5 ਜਨਵਰੀ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਗੁਰਮੀਤ ਸਿੰਘ ਨੰਦਗੜ੍ਹ,ਵਿਜੈ ਭੀਖੀ, ਦਰਸ਼ਨ ਸਿੰਘ ਦਾਨੇਵਾਲੀਆ,ਸਵਰਨ ਸਿੰਘ ਜੰਗੀਆਣਾ, ਹਰਮਨਦੀਪ ਸਿੰਘ ਹਿੰਮਤਪੁਰਾ ਆਦਿ ਵੀ ਹਾਜ਼ਰ ਸਨ।



