ਬਿਊਰੋ, ਪ੍ਰਾਈਮ ਪੋਸਟ ਪੰਜਾਬ
ਅੰਮ੍ਰਿਤਸਰ ਦੇ ਭੁੱਲਰ ਐਵੇਨਿਊ ‘ਚ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ‘ਤੇ ਗੋਲੀਆਂ ਚਲਾਈਆਂ ਗਈਆਂ। ਬੁਲਟ ਪਰੂਫ ਜੈਕੇਟ ਪਹਿਨਣ ਨਾਲ ਇੰਸਪੈਕਟਰ ਦੀ ਜਾਨ ਬਚ ਗਈ। ਮੁਲਜ਼ਮਾਂ ਵੱਲੋਂ ਮੌਕੇ ’ਤੇ ਕਰੀਬ 4 ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਜਾਂਚ ਲਈ ਮੌਕੇ ‘ਤੇ ਪਹੁੰਚ ਗਈ ਹੈ।
ਜਾਣਕਾਰੀ ਅਨੁਸਾਰ ਇੰਸਪੈਕਟਰ ਫ਼ਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਵਿੱਚ ਤਾਇਨਾਤ ਹੈ। ਕਾਲੋਨੀ ‘ਚ ਸੈਰ ਕਰਦੇ ਸਮੇਂ ਇਹ ਘਟਨਾ ਵਾਪਰੀ। ਇਸ ਘਟਨਾ ਵਿੱਚ ਥਾਣੇਦਾਰ ਪਰਮਜੀਤ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਵਾਪਰੀ। ਇੰਸਪੈਕਟਰ ਸੈਰ ਕਰਨ ਲਈ ਘਰੋਂ ਨਿਕਲਿਆ ਸੀ। ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਪੀੜਤ ਇੰਸਪੈਕਟਰ ਦਾ ਘਰ ਵੀ ਭੁੱਲਰ ਐਵੇਨਿਊ, ਅੰਮ੍ਰਿਤਸਰ ਵਿੱਚ ਹੈ।
ਘਟਨਾ ਸਮੇਂ ਇੰਸਪੈਕਟਰ ਕਾਲੋਨੀ ਰੋਡ ‘ਤੇ ਇਕੱਲਾ ਸੀ। ਫਿਲਹਾਲ ਅੰਮ੍ਰਿਤਸਰ ਪੁਲਸ ਇਸ ਮਾਮਲੇ ਨੂੰ ਲੈ ਕੇ ਚੁੱਪ ਹੈ। ਸੂਤਰਾਂ ਅਨੁਸਾਰ ਪਰਮਜੀਤ ਸਿੰਘ ਨੂੰ ਪਿਛਲੇ ਕਈ ਦਿਨਾਂ ਤੋਂ ਧਮਕੀਆਂ ਦੇ ਫੋਨ ਆ ਰਹੇ ਸਨ। ਪੰਜਾਬ ਪੁਲਿਸ ਦੀਆਂ ਏਜੰਸੀਆਂ ਵੀ ਇਸ ਸਬੰਧੀ ਜਾਂਚ ਕਰ ਰਹੀਆਂ ਹਨ। ਧਮਕੀਆਂ ਮਿਲਣ ਤੋਂ ਬਾਅਦ ਉਸ ਨੂੰ ਬੁਲਟ ਪਰੂਫ਼ ਜੈਕੇਟ ਮੁਹੱਈਆ ਕਰਵਾਈ ਗਈ ਸੀ।

