ਬਿਊਰੋ, ਪ੍ਰਾਈਮ ਪੋਸਟ ਪੰਜਾਬ
ਤਰਨ ਤਾਰਨ: ਪੰਜਾਬ ਵਿੱਚ ਕਾਨੂੰਨ ਵਿਵਸਥਾ (Law and order in Punjab) ਲਗਾਤਾਰ ਹਾਸ਼ੀਏ ਉੱਤੇ ਪਹੁੰਚੀ ਵਿਖਾਈ ਦੇ ਰਹੀ ਹੈ ਅਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਤੇ ਚਿੱਟੇ ਦਿਨ ਅਤੇ ਕਿਤੇ ਰਾਤਾਂ ਨੂੰ ਘਰਾਂ ਅੰਦਰ ਸ਼ਰੇਆਮ ਦਾਖਿਲ ਹੋਕੇ ਮੁਲਜ਼ਮ ਵਾਰਦਾਤਾਂ ਨੂੰ ਬੇਖੌਫ਼ ਅੰਦਾਜ਼ ਵਿੱਚ ਅੰਜਾਮ ਦੇ ਰਹੇ ਨੇ। ਤਾਜ਼ਾ ਮਾਮਲਾ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਘਰਿਆਲਾ ਤੋਂ ਸਾਹਮਣੇ ਆਇਆ ਹੈ,ਜਿੱਥੇ ਅਣਪਛਾਤੇ ਹਮਲਾਵਰਾਂ ਵੱਲੋਂ ਰਾਤ 1 ਵਜੇ ਦੇ ਕਰੀਬ ਘਰ ਵਿੱਚ ਦਾਖਲ ਹੋ ਕੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੇ ਅੱਠ ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਵਾਪਿਸ ਆਕੇ ਆਪਣੇ ਜੱਦੀ ਪਿੰਡ ਘਰਿਆਲਾ ਵਿਖੇ ਜਿੰਮ ਖੋਲ੍ਹਿਆ ਸੀ।
ਘਰ ‘ਚ ਦਾਖਿਲ ਹੋਕੇ ਕੀਤਾ ਕਤਲ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਤਲ ਹੋਏ ਨੌਜਵਾਨ ਰਣਜੀਤ ਸਿੰਘ ਰਾਣਾ ਦੇ ਪਿਤਾ ਮਲੂਕ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਰਣਜੀਤ ਸਿੰਘ ਅੱਠ ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਆਇਆ ਸੀ ਅਤੇ ਆਕੇ ਉਸ ਨੇ ਪਿੰਡ ਘਰਿਆਲਾ ਵਿਖੇ ਨਵਾਂ ਜਿੰਮ ਖੋਲ੍ਹਿਆ ਸੀ। ਉਹਨਾਂ ਕਿਹਾ ਕਿ ਰਣਜੀਤ ਸਿੰਘ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਰਣਜੀਤ ਸਿੰਘ ਦੇਰ ਰਾਤ ਜਿੰਮ ਬੰਦ ਕਰਕੇ ਘਰ ਆਕੇ ਸੋ ਗਿਆ। ਰਾਤ 1 ਵਜੇ ਦੇ ਕਰੀਬ ਉਨ੍ਹਾਂ ਨੂੰ ਖੜਾਕ ਹੋਣ ਦੀ ਆਵਾਜ਼ ਸੁਣਾਈ ਦਿੱਤੀ ਇਸ ਤੋਂ ਬਾਅਦ ਜਦੋਂ ਉਸ ਨੇ ਉੱਠ ਕੇ ਦੇਖਿਆ ਤਾਂ ਦੋ ਅਣਪਛਾਤੇ ਵਿਅਕਤੀ ਘਰ ਦੀਆਂ ਪੌੜੀਆਂ ਟੱਪ ਕੇ ਭੱਜ ਗਏ ਸਨ। ਇਸ ਤੋਂ ਬਾਅਦ ਜਦੋਂ ਉਸ ਨੇ ਅੰਦਰ ਜਾਕੇ ਵੇਖਿਆ ਤਾਂ ਰਣਜੀਤ ਸਿੰਘ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਸੀ ਅਤੇ ਰਣਜੀਤ ਸਿੰਘ ਦੀ ਛਾਤੀ ਵਿੱਚ ਦੋ ਗੋਲੀਆਂ ਅਤੇ ਇੱਕ ਗੋਲੀ ਧੌਣ ਵਿੱਚ ਵੱਜੀ ਹੋਈ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ, ਉਹਨਾਂ ਕਿਹਾ ਕਿ ਇਸ ਸਬੰਧੀ ਥਾਣਾ ਸਦਰ ਪੱਟੀ ਪੁਲਿਸ ਨੂੰ ਜਾਣੂ ਕਰਵਾਇਆ ਗਿਆ ਹੈ।
ਕਤਲ ਦਾ ਕਾਰਣ ਨਹੀਂ ਸਪੱਸ਼ਟ: ਉੱਧਰ ਮੌਕੇ ਉੱਤੇ ਪਹੁੰਚੇ ਥਾਣਾ ਸਦਰ ਪੱਟੀ ਦੇ ਐੱਸਐੱਚਓ ਗੁਰਤੇਜ ਸਿੰਘ ਬਰਾੜ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਮੁਤਾਬਿਕ ਮ੍ਰਿਤਕ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਘਰ ਅੰਦਰ ਦੇਰ ਰਾਤ ਕੀਤੇ ਗਏ ਇਸ ਕਤਲ ਦਾ ਕਾਰਣ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜਲਦ ਪਤਾ ਕੀਤਾ ਜਾਵੇਗਾ। ਪੁਲਿਸ ਸੀਸੀਟੀਵੀ ਵੀਡੀਓ ਦੇ ਆਧਾਰ ਉੱਤੇ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

