ਬਿਊਰੋ, ਪ੍ਰਾਈਮ ਪੋਸਟ ਪੰਜਾਬ
ਪਟਿਆਲਾ, 28 ਅਕਤੂਬਰ 2023 : ਸ਼ੁੱਕਰਵਾਰ ਦੇਰ ਸ਼ਾਮ ਪੁਲਸ ਪ੍ਰਸ਼ਾਸਨ ‘ਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਮਹਾਭਾਰਤ ‘ਚ ਧ੍ਰਿਤਰਾਸ਼ਟਰ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗਿਰਿਜਾ ਸ਼ੰਕਰ ਵਿਆਸ ਦੀ ਕਾਰ ਦੇ ਸ਼ੀਸ਼ੇ ਤੋੜ ਕੇ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਅਤੇ ਨਕਦੀ ਚੋਰੀ ਕਰ ਲਈ ਗਈ।
ਦੱਸਿਆ ਜਾਂਦਾ ਹੈ ਕਿ ਸ਼ਾਮ ਸਮੇਂ ਗਿਰੀਜਾ ਸ਼ੰਕਰ ਵਿਆਸ ਕਾਰ ‘ਚ ਸਵਾਰ ਹੋ ਕੇ ਕੁਝ ਮਿੰਟਾਂ ਲਈ ਬੀਕਾਨੇਰ ਸਵੀਟਸ ਨੇੜੇ ਪਹੁੰਚੇ ਸਨ। ਪਰ ਜਦੋਂ ਉਹ ਕੁਝ ਮਿੰਟਾਂ ਵਿਚ ਵਾਪਸ ਆਇਆ ਤਾਂ ਦੇਖਿਆ ਕਿ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਕਾਰ ਦੇ ਅੰਦਰ ਰੱਖਿਆ ਸਮਾਨ ਗਾਇਬ ਪਾਇਆ ਗਿਆ। ਦੱਸਿਆ ਜਾਂਦਾ ਹੈ ਕਿ ਲੈਪਟਾਪ, ਮੋਬਾਈਲ ਤੋਂ ਇਲਾਵਾ ਕਾਰ ਵਿੱਚ ਰੱਖੇ ਦਸਤਾਵੇਜ਼, ਡਾਲਰ ਅਤੇ ਹੋਰ ਨਕਦੀ ਗਾਇਬ ਹੈ।ਉਪਰੋਕਤ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਰ ਖ਼ਬਰ ਲਿਖੇ ਜਾਣ ਤੱਕ ਚੋਰੀ ਹੋਈ ਕੁੱਲ ਰਕਮ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਸੀ।
ਦੱਸਿਆ ਜਾ ਰਿਹਾ ਹੈ ਕਿ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਗਿਰਜਾ ਸ਼ੰਕਰ ਜਾਣਿਆ-ਪਛਾਣਿਆ ਨਾਮ ਹੈ, ਜਿਸ ਕਾਰਨ ਜਿਵੇਂ ਹੀ ਪੁਲਿਸ ਨੂੰ ਚੋਰੀ ਦੀ ਖ਼ਬਰ ਮਿਲੀ ਤਾਂ ਦਹਿਸ਼ਤ ਦਾ ਮਾਹੌਲ ਬਣ ਗਿਆ | ਜਿਸ ਕਾਰਨ ਰਾਜਪੁਰਾ ਦੇ ਡੀਐਸਪੀ ਸੁਰਿੰਦਰ ਮੋਹਨ ਸ਼ਰਮਾ ਤੋਂ ਇਲਾਵਾ ਹੋਰ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕਰਨ ਉਪਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

