ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਆਂਗਨਵਾੜੀ ਹੈਲਪਰਾਂ ਤੋਂ ਵਰਕਰ ਪ੍ਰਮੋਟ ਕਰਕੇ ਉਹਨਾਂ ਨੂੰ ਰੱਦ ਦੇ ਆਰਡਰ ਦਿੱਤੇ ਗਏ। ਹੈਲਪਰਾਂ ਤੋਂ ਵਰਕਰ ਪ੍ਰਮੋਟ ਹੋਈਆਂ ਆਂਗਨਵਾੜੀ ਵਰਕਰਾਂ ਨੇ ਦੱਸਿਆ ਕਿ ਸਾਨੂੰ ਵਿਧਾਇਕਾਂ ਹੱਥੋਂ ਨਿਯੁਕਤੀ ਪੱਤਰ ਦਿਵਾਏ ਗਏ। ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਵਿਧਾਇਕਾਂ ਦੁਆਰਾ ਜਨਵਰੀ ਅਤੇ ਫਰਵਰੀ 2023 ਦੇ ਮਹੀਨੇ ਵਿੱਚ ਨਿਯੁਕਤੀ ਪੱਤਰ ਦਿੱਤੇ ਗਏ ਸਨ।
3 ਜਨਵਰੀ 2023 ਦੀਆਂ ਹਦਾਇਤਾਂ ਅਨੁਸਾਰ ਆਂਗਣਵਾੜੀ ਹੈਲਪਰਾਂ ਤੋਂ ਵਰਕਰਾਂ ਦੀਆਂ ਪਦਉਨਤੀਆਂ ਕੀਤੀਆਂ ਗਈਆਂ ਸਨ। ਵਿਭਾਗ ਵੱਲੋਂ ਦੂਸਰੀ ਵਾਰ ਹਦਾਇਤਾਂ 7.2.2023 ਨੂੰ ਬਣਾ ਕੇ ਕੈਂਸਲ ਕਰ ਦਿੱਤੀਆਂ ਗਈਆਂ। ਇਕ ਮਹੀਨਾ ਨੌਕਰੀ ਕਰਨ ਤੋਂ ਬਾਅਦ ਪ੍ਰਮੋਟ ਹੋਈਆਂ ਵਰਕਰਾਂ ਨੂੰ ਦੁਬਾਰਾ ਰੱਦ ਦੇ ਆਰਡਰ ਦਿੱਤੇ ਗਏ।
22 ਫਰਵਰੀ 23 ਨੂੰ ਦੁਬਾਰਾ ਪੋਸਟਾਂ ਹੋਲਡ ਕਰਕੇ ਬਰਕਰਾਰ ਰੱਖੀਆਂ ਗਈਆਂ। ਪ੍ਰਮੋਟ ਹੋਈਆਂ ਵਰਕਰਾਂ ਨੇ ਦੱਸਿਆ ਕਿ ਹੁਣ ਹਾਲਾਤ ਅਜਿਹੇ ਬਣੇ ਹੋਏ ਹਨ ਕਿ 10 ਮਹੀਨੇ ਨੌਕਰੀ ਅਤੇ ਟ੍ਰੇਨਿੰਗ ਕਰ ਚੁੱਕੀਆਂ ਆਂਗਨਵਾੜੀ ਵਰਕਰਾਂ ਨੂੰ ਦੁਬਾਰਾ ਬੀਤੇ ਦਿਨੀਂ ਮਿਤੀ 19-10-2023 ਨੂੰ ਨਵਾਂ ਨੋਟੀਫਿਕੇਸ਼ਨ ਜਾਰੀ ਕਰਕੇ ਦਸ ਮਹੀਨੇ ਤੋਂ ਨੌਕਰੀ ਕਰ ਰਹੀਆਂ ਵਰਕਰਾਂ ਨੂੰ ਰੱਦ ਦੇ ਆਰਡਰ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਕਈ ਵਰਕਰਾਂ ਨੂੰ ਰੱਦ ਦੇ ਹੁਕਮ ਸੋਪ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਆਂਗਨਵਾੜੀ ਵਰਕਰਾਂ ਨੂੰ ਮਾਨਸਿਕ ਪਰੇਸ਼ਾਨੀ ਦਿੱਤੀ ਜਾ ਰਹੀ ਹੈ। ਸਮਾਜ ਵਿੱਚ ਮਜ਼ਾਕ ਦਾ ਪਾਤਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਦੇ ਘਰਾਂ ਦੇ ਚੁੱਲੇ ਬੰਦ ਕਰਨ ਦੇ ਮਨਸੂਬੇ ਸਰਕਾਰ ਵੱਲੋਂ ਘੜੇ ਜਾ ਰਹੇ ਹਨ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਇਸ ਮੁੱਦੇ ‘ਤੇ ਧਿਆਨ ਦੇ ਕੇ ਇਹਦਾ ਨਿਪਟਾਰਾ ਕੀਤਾ ਜਾਵੇ, ਇਹਨਾਂ ਵਰਕਰਾਂ ਨੂੰ ਜਿਹੜਾ ਇਹਨਾਂ ਦਾ ਹੱਕ ਬਣਦਾ ਹੈ ਉਸ ਤੋਂ ਵਾਂਝੇ ਨਾ ਕੀਤਾ ਜਾਵੇ ਤੇ ਇਹਨਾਂ ਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ।


