ਬਿਊਰੋ ਪ੍ਰਾਈਮ ਪੋਸਟ ਪੰਜਾਬ
ਜਲੰਧਰ : ਜਲੰਧਰ ਦੇ ਅਵਤਾਰ ਨਗਰ ‘ਚ ਐਤਵਾਰ ਰਾਤ ਨੂੰ ਇਕ ਘਰ ‘ਚ ਅੱਗ ਲੱਗਣ ਕਾਰਨ ਜ਼ਖਮੀ ਹੋਏ ਛੇਵੇਂ ਵਿਅਕਤੀ ਦੀ ਵੀ ਸੋਮਵਾਰ ਸਵੇਰੇ ਮੌਤ ਹੋ ਗਈ। ਮ੍ਰਿਤਕਾਂ ਵਿੱਚ ਘਰ ਦਾ ਮਾਲਕ, ਭਾਜਪਾ ਵਰਕਰ ਯਸ਼ਪਾਲ ਘਈ (60), ਉਸ ਦਾ ਪੁੱਤਰ ਇੰਦਰਪਾਲ ਸਿੰਘ, ਇੰਦਰਪਾਲ ਦੀ ਪਤਨੀ ਰੁਚੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਮਨਸ਼ਾ (15), ਦੀਆ (10) ਅਤੇ ਅਕਸ਼ੈ (8) ਸ਼ਾਮਲ ਹਨ। ਘਟਨਾ ਸਮੇਂ ਯਸ਼ਪਾਲ ਦੀ ਪਤਨੀ ਬਲਬੀਰ ਕੌਰ (58) ਗੁਆਂਢੀਆਂ ਦੇ ਘਰ ਗਈ ਹੋਈ ਸੀ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਸਾਰੇ ਛੇ ਲੋਕਾਂ ਦਾ ਇਕੱਠੇ ਸਸਕਾਰ ਕੀਤਾ ਗਿਆ। ਇਸ ਦੌਰਾਨ ਹਰ ਵਿਅਕਤੀ ਦੀਆਂ ਅੱਖਾਂ ਨਮ ਸਨ।
ਹਾਦਸੇ ਦੇ ਸਮੇਂ ਪੂਰਾ ਪਰਿਵਾਰ ਡਰਾਇੰਗ ਰੂਮ ‘ਚ ਟੀਵੀ ‘ਤੇ ਕ੍ਰਿਕਟ ਮੈਚ ਦੇਖ ਰਿਹਾ ਸੀ। ਇਸ ਦੌਰਾਨ ਅਚਾਨਕ ਘਰ ਦੇ ਫਰਿੱਜ ‘ਚ ਜ਼ੋਰਦਾਰ ਧਮਾਕਾ ਹੋਇਆ। ਇਸ ਤੋਂ ਬਾਅਦ ਪੂਰੇ ਘਰ ਨੂੰ ਅੱਗ ਲੱਗ ਗਈ। ਗੈਸ ਦੀ ਬਦਬੂ ਇੰਨੀ ਤੇਜ਼ ਸੀ ਕਿ ਘਰ ਦੇ ਅੰਦਰ ਬੈਠੇ ਪਰਿਵਾਰਕ ਮੈਂਬਰ ਬੇਹੋਸ਼ ਹੋ ਗਏ। ਏਡੀਸੀਪੀ ਆਦਿਤਿਆ ਨੇ ਦੱਸਿਆ ਕਿ ਗੈਸ ਅਤੇ ਧੂੰਏਂ ਕਾਰਨ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਦਮ ਘੁੱਟ ਗਿਆ ਅਤੇ ਅੱਗ ਲੱਗਣ ਤੋਂ ਬਾਅਦ ਉਹ ਬਾਹਰ ਨਹੀਂ ਆ ਸਕੇ। ਪੁਲਿਸ ਨੇ ਘਰ ਨੂੰ ਸੀਲ ਕਰ ਦਿੱਤਾ ਹੈ। ਫੋਰੈਂਸਿਕ ਟੀਮ ਦੁਬਾਰਾ ਘਰ ਦੀ ਜਾਂਚ ਕਰੇਗੀ।

ਉਸ ਨੇ ਦੱਸਿਆ ਕਿ ਘਰ ‘ਚ ਇੰਨਾ ਧੂੰਆਂ ਸੀ ਕਿ ਅੱਗ ਬੁਝਾਉਣ ਵਾਲੇ ਵੀ ਠੀਕ ਤਰ੍ਹਾਂ ਨਾਲ ਸਾਹ ਨਹੀਂ ਲੈ ਪਾ ਰਹੇ ਸਨ। ਮ੍ਰਿਤਕ ਯਸ਼ਪਾਲ ਘਈ ਦੇ ਭਰਾ ਰਾਜ ਘਈ ਨੇ ਦੱਸਿਆ ਕਿ ਉਸ ਦੇ ਭਰਾ ਨੇ ਸੱਤ ਮਹੀਨੇ ਪਹਿਲਾਂ ਹੀ ਨਵਾਂ ਡਬਲ ਡੋਰ ਫਰਿੱਜ ਖਰੀਦਿਆ ਸੀ। ਉਸ ਦੀ ਬਜ਼ੁਰਗ ਭਰਜਾਈ ਘਰੋਂ ਬਾਹਰ ਸੀ, ਇਸ ਲਈ ਉਹ ਸੁਰੱਖਿਅਤ ਹੈ। ਇਲਾਕੇ ਦੇ ਰਹਿਣ ਵਾਲੇ ਮਨਦੀਪ ਸਿੰਘ ਮਿੱਠੂ ਨੇ ਦੱਸਿਆ ਕਿ ਪਹਿਲਾਂ ਤਾਂ ਅਜਿਹਾ ਲੱਗ ਰਿਹਾ ਸੀ ਕਿ ਗੈਸ ਸਿਲੰਡਰ ਫਟਣ ਕਾਰਨ ਅੱਗ ਲੱਗੀ ਹੈ ਪਰ ਬਾਅਦ ਵਿੱਚ ਪਤਾ ਲੱਗਾ ਕਿ ਅੱਗ ਫਰਿੱਜ ਤੋਂ ਲੱਗੀ ਸੀ।
ਪਰਿਵਾਰ ਦੇ ਸਾਰੇ ਛੇ ਮੈਂਬਰਾਂ ਦਾ ਇਕੱਠਿਆਂ ਸਸਕਾਰ ਕੀਤਾ ਗਿਆ। ਯਸ਼ਪਾਲ ਘਈ ਦੇ ਵੱਡੇ ਭਰਾ ਪ੍ਰੇਮ ਦੇ ਬੇਟੇ ਵਿਪਨ ਕੁਮਾਰ ਨੇ ਚਿਤਾ ਨੂੰ ਅਗਨ ਭੇਟ ਕੀਤਾ। ਪਰਿਵਾਰ ਵਿੱਚ ਸਿਰਫ਼ 58 ਸਾਲਾ ਬਲਵੀਰ ਕੌਰ ਹੀ ਬਚੀ ਹੈ। ਐਤਵਾਰ ਨੂੰ ਹਾਦਸੇ ਦੀ ਸੂਚਨਾ ਮਿਲਦੇ ਹੀ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਮੌਕੇ ‘ਤੇ ਪਹੁੰਚ ਗਏ। ਸੰਸਦ ਮੈਂਬਰ ਸੁਸ਼ੀਲ ਰਿੰਕੂ, ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਵੀ ਪਹੁੰਚੇ। ਅੰਗੁਰਾਲ ਨੇ ਦੱਸਿਆ ਕਿ ਯਸ਼ਪਾਲ ਘਈ ਦੀ ਨੂੰਹ ਰੁਚੀ ਉਸ ਦੀ ਚਚੇਰੀ ਭੈਣ ਸੀ। ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਦੇ ਡਾਕਟਰਾਂ ‘ਤੇ ਇਲਾਜ ‘ਚ ਲਾਪ੍ਰਵਾਹੀ ਦੇ ਦੋਸ਼ ਲੱਗੇ ਹਨ। ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਨੇ ਜਾਂਚ ਤੋਂ ਬਾਅਦ ਦੋਸ਼ੀ ਪਾਏ ਜਾਣ ‘ਤੇ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।

