ਬਿਊਰੋ, ਪ੍ਰਾਈਮ ਪੋਸਟ ਪੰਜਾਬ
ਕਪੂਰਥਲਾ, 23 ਸਤੰਬਰ, 2023 : ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਵਿੱਚ ਇੱਕ ਕਬੱਡੀ ਖ਼ਿਡਾਰੀ ਦਾ ਤਲਵਾਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ।
ਇਹ ਘਟਨਾ ਕਪੂਰਥਲਾ ਦੇ ਢਿਲਵਾਂ ਕਸਬੇ ਵਿੱਚ ਪੱਤੀ ਲਾਧੂਕੀ ਵਿਖ਼ੇ ਵਾਪਰੀ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਦੀਪਾ ਵਜੋਂ ਕੀਤੀ ਗਈ ਹੈ ਜਦਕਿ ਪਰਿਵਾਰ ਦਾ ਦੋਸ਼ ਹੈ ਕਿ ਹਮਲਾਵਰਾਂ ਵਿੱਚੋਂ ਇੱਕ ਹਰਪ੍ਰੀਤ ਸਿੰਘ ਹੈਪੀ ਨੂੰ ਉਨ੍ਹਾਂ ਨੇ ਪਛਾਣਿਆ ਹੈ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਹਮਲਾਵਰਾਂ ਦੀ ਪਛਾਣ ਸਪਸ਼ਟ ਹੋ ਜਾਣ ਦੇ ਬਾਵਜੂਦ ਵੀ ਅਜੇ ਤਾਂਈਂ ਇਸ ਕਤਲ ਦੇ ਦੋਸ਼ੀਆਂ ਵਿੱਚੋਂ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਦੀਪਾ ਅਤੇ ਹਰਪ੍ਰੀਤ ਸਿੰਘ ਹੈਪੀ ਵਿਚਾਲੇ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ ਅਤੇ ਦੋਹਾਂ ਨੇ ਇੱਕ ਦੂਜੇ ’ਤੇ ਕੇਸ ਕਰ ਰੱਖੇ ਸਨ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਦੋਹਾਂ ਦੇ ਖਿਲਾਫ਼ ਹੀ ਕਈ ਕੇਸ ਦਰਜ ਹਨ ਅਤੇ ਇਹ ਮਾਮਲਾ ਮੁੱਢਲੇ ਤੌਰ ’ਤ ਆਪਸੀ ਰੰਜਿਸ਼ ਦਾ ਹੈੇ।
ਇਸ ਮਾਮਲੇ ’ਤੇ ਆਪਣਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਰਹੀ ਹੈ। ਉਹਨਾਂ ਕਿਹਾ ਕਿ ਹਮਲਾਵਰਾਂ ਵੱਲੋਂ ਕਤਲ ਕਰਨ ਤੋਂ ਬਾਅਦ ਵਿਖ਼ਾਇਆ ਗਿਆ ਵਤੀਰਾ ਸਪਸ਼ਟ ਕਰਦਾ ਹੈ ਕਿ ਰਾਜ ਅੰਦਰ ਲੋਕ ਸੁਰੱਖ਼ਿਅਤ ਨਹੀਂ ਹਨ।
ਇਸ ਸੰਬੰਧਵਿੱਚ ਢਿਲਵਾਂ ਪੁਲਿਸ ਥਾਣੇ ਵਿੱਚ ਧਾਰਾ 302, 148, 149 ਆਈ.ਪੀ.ਸੀ.ਤਹਿਤ ਹਰਪ੍ਰੀਤ ਸਿੰਘ ਹੈਪੀ ਅਤੇ 5-6 ਹੋਰ ਲੋਕਾਂ ਖ਼ਿਲਾਫ਼ ਮਾਮਲਾ 20 ਸਤੰਬਰ ਨੂੰ ਦਰਜ ਕੀਤਾ ਗਿਆ ਹੈ।

