ਬਿਊਰੋ, ਪ੍ਰਾਈਮ ਪੋਸਟ ਪੰਜਾਬ
ਲੁਧਿਆਣਾ, 13 ਸਤੰਬਰ, 2023 : ਦੇਸ਼ ਵਿੱਚ ਭਾਜਪਾ ਦੇ ਖ਼ਿਲਾਫ਼ ਬਣੇ ‘ਇੰਡੀਆ’ ਗਠਜੋੜ ਤਹਿਤ ਪੰਜਾਬ ਵਿੱਚ ਕਾਂਗਰਸ ਪਾਰਟੀ ਤੇ ‘ਆਮ ਆਦਮੀ ਪਾਰਟੀ’ ਵਿਚਾਲੇ ਗਠਜੋੜ ’ਤੇ ਦੋਹਾਂ ਪਾਰਟੀਆਂ ਵਿੱਚ ਚੱਲ ਰਹੀ ਕਸ਼ਮਕਸ਼ ਦੇ ਦੌਰਾਨ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਪਸ਼ਟ ਕੀਤਾ ਹੈ ਕਿ ਕਾਂਗਰਸ ਅਤੇ ‘ਆਪ’ ਦਾ ਗਠਜੋੜ ਹੋ ਚੁੱਕਾ ਹੈ। ਉਹਨਾਂ ਨੇ ਕਾਂਗਰਸ ਆਗੂਆਂ ਵੱਲੋਂ ਇਸ ਗਠਜੋੜ ਦੇ ਖ਼ਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਗਠਜੋੜ ਖ਼ਿਲਾਫ਼ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈੇ।
ਬਿੱਟੂ ਨੇ ਕਿਹਾ ਕਿ ਜੇ ਅੱਜ ਉਹ ਸੰਸਦ ਮੈਂਬਰ ਹਨ ਤਾਂ ਪਾਰਟੀ ਦੀ ਟਿਕਟ ਅਤੇ ਨਿਸ਼ਾਨ ’ਤੇ ਜਿੱਤ ਕੇ ਹੀ MP ਬਣੇ ਹਨ ਅਤੇ ਗੱਲਾਂ ਤਾਂ ਦੋ ਹੀ ਹੋ ਸਕਦੀਆਂ ਹਨ ਕਿ ਜਾਂ ਤਾਂ ਪਾਰਟੀ ਦਾ ਫ਼ੈਸਲਾ ਮੰਨੋ ਜਾਂ ਫ਼ਿਰ ਨਹੀਂ ਮੰਨਣਾ ਤਾਂ ਰਾਹ ਵੱਖਰਾ ਕਰੋ ।
ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਜੇ ਕੋਈ ਕਾਂਗਰਸ ਦੀ ਸਰਕਾਰ ਬਣੀ ਜਾਂ ਫ਼ਿਰ ਅੱਜ ਕੋਈ ਸੂਬਾ ਕਾਂਗਰਸ ਦਾ ਪ੍ਰਧਾਨ ਹੈ ਜਾਂ ਫ਼ਿਰ ਵਿਰੋਧੀ ਧਿਰ ਦਾ ਆਗੂ ਹੈ, ਉਹ ਵੀ ਪਾਰਟੀ ਕਰਕੇ ਹੀ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਲੋਕਤੰਤਰ ਦਾ ਨਾਂਅ ਲੈ ਕੇ ਪਾਰਟੀ ਦੇ ਫ਼ੈਸਲਿਆਂ ਨੂੰ ਚੁਣੌਤੀ ਦੇਣੀ ਜਾਂ ਫ਼ਿਰ ਉਸਦੀ ਨੁਕਤਾਚੀਨੀ ਕਰਨੀ ਸਹੀ ਨਹੀਂ ਹੈ। ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇ ਕਿਸੇ ਨੂੰ ਪਾਰਟੀ ਹਾਈਕਮਾਨ ਦਾ ਗਠਜੋੜ ਵਾਲਾ ਫ਼ੈਸਲਾ ਪਸੰਦ ਨਹੀਂ ਤਾਂ ਉਸਨੂੰ ਬਾਹਰ ਗੱਲਾਂ ਕਰਨ ਦੀਬਜਾਏ ਆਪਣੀ ਪਾਰਟੀ ਦੇ ਅੰਦਰ ਗੱਲ ਕਰਨੀ ਚਾਹੀਦੀ ਹੈ ਅਤੇ ਜੇ ਉਸਦਾ ਵਿਚਾਰ ਵੱਖਰਾ ਹੈ ਤਾਂ ਉਸਨੂੰ ਪਾਰਟੀ ਤੋਂ ਅਸਤੀਫ਼ਾ ਦੇ ਕੇ ਆਪਣਾ ਵੱਖਰਾ ਰਾਹ ਅਖ਼ਤਿਆਰ ਕਰਨਾ ਚਾਹੀਦਾ ਹੈ।ਉਹਨਾਂ ਸੁਆਲ ਉਠਾਇਆ ਕਿ ਇਸੇ ਪਾਰਟੀ ਵਿੱਚ MP , MLA ਵੀ ਰਹਿਣਾ, ਵੱਡੇ ਅਹੁਦੇ ਵੀ ਲੈਣੇ ਪਰ ਪਾਰਟੀ ਦਾ ਫ਼ੈਸਲਾ ਨਹੀਂ ਮੰਨਣਾ, ਇਹ ਕਿਵੇਂ ਹੋ ਸਕਦਾ ਹੈ ?
ਬਿੱਟੂ ਨੇ ਕਿਹਾ ਕਿ ਕੁਝ ਆਗੂ ਪਾਰਟੀ ਕੈਡਰ ਅਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਜੇ ਉਹਨਾਂ ਨੂੰ ਇਹ ਗਠਜੋੜ ਮਨਜ਼ੂਰ ਨਹੀਂ ਤਾਂ ਉਹ ਅਸਤੀਫ਼ੇ ਦੇ ਕੇ ਪਾਰਟੀ ਤੋਂ ਲਾਂਭੇ ਹੋ ਜਾਣ।ਉਹਨਾਂ ਨੇ ਇਹ ਵੀ ਸੰਕੇਤ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਦੋਹਾਂ ਪਾਰਟੀਆਂ ਦੀਆਂ ਸਾਂਝੀਆਂ ਰੈਲੀਆਂ ਵੀ ਸ਼ੁਰੂ ਹੋਣਗੀਆਂ।
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਣੇ ਕੁਝ ਵੱਡੇ ਪਾਰਟੀ ਆਗੂਆਂ ਨੇ ‘ਆਮ ਆਦਮੀ ਪਾਰਟੀ’ ਨਾਲ ਸਮਝੌਤੇ ਬਾਰੇ ਤਿੱਖੇ ਤੇਵਰ ਅਪਣਾਏ ਹੋਏ ਹਨ ਅਤੇ ਇਸ ਬਾਰੇ ਜਨਤਕ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਪਹਿਲਾਂ ‘ਆਮ ਆਦਮੀ ਪਾਰਟੀ’ ਵੱਲੋਂ ਇਹ ਸਮਝੌਤਾ ਹੋ ਜਾਣ ਅਤੇ ‘ਸੀਟ ਸ਼ੇਅਰਿੰਗ’ ਤਹਿਤ 2024 ਲੋਕ ਸਭਾ ਚੋਣਾਂ ਲੜਨ ਬਾਰੇ ਸੰਕੇਤ ਦਿੱਤੇ ਜਾ ਰਹੇ ਸਨ ਪਰ ਬਾਜਵਾ ਅਤੇ ਵੜਿੰਗ ਵੱਲੋਂ ਲਗਾਤਾਰ ਕੀਤੀ ਜਾ ਰਹੀ ਤਲਖ਼ ਬਿਆਨਬਾਜ਼ੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪਾਰਟੀ ਨੇ ਇੱਕ ਦਮ ਆਪਣੇ ਰਵੱਈਏ ਵਿੱਚ ਤਬਦੀਲੀ ਲਿਆਉਂਦਿਆਂ ਗਠਜੋੜ ਵਿੱਚ ਨਾ ਜਾਣ ਅਤੇ ਆਪਣੇ ਤੌਰ ’ਤੇ ਹੀ ਰਾਜ ਦੀਆਂ 13 ਸੀਟਾਂ ਲੜਨ ਦਾ ਐਲਾਨ ਕਰ ਦਿੱਤਾ ਸੀ। ਇਸ ਸਭ ਦੇ ਚੱਲਦਿਆਂ ਸਥਿਤੀ ਭੰਬਲਭੂਸੇ ਵਾਲੀ ਬਣੀ ਹੋਈ ਹੈ ਕਿਉਂਕਿ ਕੇਂਦਰੀ ਪੱਧਰ ’ਤੇ ਇਹ ਸਮਝੌਤਾ ਹੋਇਆ ਵਿਖ਼ਾਈ ਦਿੰਦਾ ਹੈ ਜਦਕਿ ਪੰਜਾਬ ਪੱਧਰ ’ਤੇ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਆਹਮੋ ਸਾਹਮਣੇ ਹੋਈਆਂ ਨਜ਼ਰ ਆ ਰਹੀਆਂ ਹਨ।ਯਾਦ ਰਹੇ ਕਿ ਇਸ ਤੋਂ ਪਹਿਲਾਂ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਇਹ ਆਖ਼ ਚੁੱਕੇ ਹਨ ਕਿ ਉਹ ਕਾਂਗਰਸ ਹਾਈਕਮਾਨ ਦੇ ਹਰ ਫ਼ੈਸਲੇ ਨੂੰ ਪ੍ਰਵਾਨ ਕਰਨਗੇ।

