ਬਿਊਰੋ ਪ੍ਰਾਇਮ ਪੋਸਟ ਪੰਜਾਬ
ਮਾਛੀਵਾੜਾ ਸਾਹਿਬ, 2 ਸਤੰਬਰ, 2023: ਮਾਛੀਵਾੜਾ ਦੇ ਨੇੜਲੇ ਪਿੰਡ ਪੰਜਗਰਾਈਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅੱਜ ਇੱਕ ਮਹਿਲਾ ਅਧਿਆਪਕ ਵੱਲੋਂ ਫ਼ਾਹਾ ਲੈ ਕੇ ਆਤਮਹੱਤਿਆ ਕਰ ਲਈ ਗਈ। ਆਤਮਹੱਤਿਆ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ ਪਰ ਪਤਾ ਲੱਗਾ ਕਿ ਪਿਛਲੇ ਕੁਝ ਸਮੇਂ ਤੋਂ ਉਹ ਪਰੇਸ਼ਾਨ ਰਹਿੰਦੀ ਸੀ।
ਪੰਜਗਰਾਈਆਂ ਪ੍ਰਾਇਮਰੀ ਸਕੂਲ ਵਿੱਚ ਪੀ.ਟੀ.ਏ. ਫੰਡ ’ਤੇ ਤਾਇਨਾਤ 22 ਸਾਲਾ ਸਿਮਰਨਜੀਤ ਕੌਰ ਦੀ ਲਾਸ਼ ਅੱਜ ਸਕੂਲ ਵਿੱਚ ਛੁੱਟੀ ਤੋਂ ਬਾਅਦ ‘ਕਲਾਸ ਰੂਮ’ ਵਿੱਚ ਪੱਖੇ ਨਾਲ ਲਟਕਦੀ ਮਿਲੀ। ਟਾਂਡਾ ਦੀ ਰਹਿਣ ਵਾਲੀ ਇਸ ਨੌਜਵਾਨ ਅਧਿਆਪਕਾ ਨੇ ਆਪਣੀ ਚੁੰਨੀ ਨਾਲ ਹੀ ਫ਼ਾਹਾ ਲੈ ਲਿਆ।
ਮਾਮਲਾ ਦੁਪਹਿਰ ਲਗਪਗ 2 ਵਜੇ ਸਾਹਮਣੇ ਆਇਆ ਜਦ ਸਕੂਲ ਦੇ ਅਧਿਆਪਕ ਛੁੱਟੀ ਤੋਂ ਬਾਅਦ ਸਕੂਲ ਤੋਂ ਜਾਣ ਦੀ ਤਿਆਰੀ ਵਿੱਚ ਸਨ। ਇਸੇ ਦੌਰਾਨ ਕਿਸੇ ਵੱਲੋਂ ਸਕੂਲ ਦੇ ਕਮਰੇ ਵਿੱਚ ਇਸ ਅਧਿਆਪਕਾ ਨੂੰ ਪੱਖੇ ਨਾਲ ਲਟਕਦੀ ਵੇਖ਼ ਰੌਲਾ ਪਾਇਆ ਜਿਸ ਮਗਰੋਂ ਪ੍ਰਿੰਸੀਪਲ ਅਤੇ ਹੋਰ ਅਧਿਆਪਕ ਕਮਰੇ ਵਿੱਚ ਪੁੱਜੇ ਅਤੇ ਉਸਨੂੰ ਹੇਠਾਂ ਉਤਾਰਿਆ ਗਿਆ ਪਰ ਤਦ ਤਕ ਉਸਦੀ ਮੌਤ ਹੋ ਚੁੱਕੀ ਸੀ।
ਬਲਾਕ ਸਿੱਖ਼ਿਆ ਅਧਿਕਾਰੀ ਰਾਮ ਕੁਮਾਰ ਦਾ ਕਹਿਣਾ ਹੈ ਕਿ ਖੁਦਕੁਸ਼ੀ ਦਾ ਕਾਰਨ ਘਰੇਲੂ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾ ਦੀ ਮੌਤ ਦਾ ਮਾਮਲਾ ਸਕੂਲ ਦੇ ਕਿਸੇ ਕਰਮਚਾਰੀ ਨਾਲ ਜੋੜ ਕੇ ਨਹੀਂ ਵੇਖ਼ਿਆ ਜਾ ਰਿਹਾ।
ਮ੍ਰਿਤਕ ਸਿਮਰਨਜੀਤ ਕੌਰ ਦੇ ਪਿਤਾ ਮੋਹਨ ਸਿੰਘ ਅਨੁਸਾਰ ਸਿਮਰਨਜੀਤ ਕੌਰ ਨੇ ਈ.ਟੀ.ਟੀ.ਦਾ ਕੋਰਸ ਕੀਤਾ ਸੀ ਅਤੇ ਸਰਕਾਰੀ ਸਕੂਲ ਵਿੱਚ ਪ੍ਰਾਈਵੇਟ ਤੌਰ ’ਤੇ ਅਧਿਆਪਕਾ ਵਜੋਂ ਪੜ੍ਹਾ ਰਹੀ ਸੀ। ਉਹ ਪਿਛਲੇ ਲਗਪਗ ਇੱਕ ਸਾਲ ਤੋਂ ਪੰਜਗਰਾਈਆਂ ਸਕੂਲ ਵਿੱਚ ਤਾਇਨਾਤ ਸੀ।

