ਬਿਊਰੋ, ਪ੍ਰਾਈਮ ਪੋਸਟ ਪੰਜਾਬ
ਫਿਰੋਜ਼ਪੁਰ : ਫਿਰੋਜ਼ਪੁਰ ਦੇ ਪਿੰਡ ਭਾਵੜਾ ਆਜ਼ਮ ਸ਼ਾਹ ‘ਚ ਮੋਬਾਇਲ ਫੋਨ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਲੜਾਈ ਹੋ ਗਈ ਅਤੇ ਗੋਲੀਆਂ ਚਲਾਈਆਂ ਗਈਆਂ। ਦੋ ਸਕੇ ਭਰਾਵਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਜਗਦੀਸ਼ ਸਿੰਘ ਉਮਰ ਕਰੀਬ 34 ਸਾਲ ਅਤੇ ਕੁਲਦੀਪ ਸਿੰਘ ਉਰਫ਼ (ਉਮਰ ਕਰੀਬ 36 ਸਾਲ) ਪੁੱਤਰ ਸੋਹਣ ਸਿੰਘ ਵਾਸੀ ਪਿੰਡ ਅਰਾਈਆਂ ਵਾਲਾ (ਜ਼ਿਲ੍ਹਾ ਫਰੀਦਕੋਟ) ਵਜੋਂ ਹੋਈ ਹੈ।
ਦੱਸਿਆ ਜਾਂਦਾ ਹੈ ਕਿ ਸੁੱਖੀ ਉਰਫ਼ ਭਾਸ਼ੀ ਨਾਂ ਦਾ ਵਿਅਕਤੀ ਨਸ਼ਾ ਵੇਚਦਾ ਹੈ, ਜਿਸ ਕੋਲ ਜਗਦੀਸ਼ ਦਾ ਮੋਬਾਈਲ ਫ਼ੋਨ ਸੀ ਅਤੇ ਜਗਦੀਸ਼ ਅਤੇ ਉਸ ਦਾ ਭਰਾ ਕੁਲਦੀਪ ਸਿੰਘ ਸੁੱਖੀ ਆਪਣਾ ਮੋਬਾਈਲ ਫ਼ੋਨ ਲੈਣ ਲਈ ਭਾਵੜਾ ਆਜ਼ਮ ਸ਼ਾਹ ਵਿਖੇ ਆਏ ਸਨ, ਜਿੱਥੇ ਦੋਵਾਂ ਵਿਚਕਾਰ ਝਗੜਾ ਹੋ ਗਿਆ ਅਤੇ ਸੁੱਖੀ ਨੇ ਆਪਣੇ ਪਿਸਤੌਲ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਦੋਵੇਂ ਭਰਾ ਜਗਦੀਸ਼ ਅਤੇ ਕੁਲਦੀਪ ਨੂੰ ਗੋਲੀਆਂ ਲੱਗ ਗਈਆਂ ਜਿਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।
ਜਿੱਥੇ ਡਾਕਟਰਾਂ ਨੇ ਜਗਦੀਸ਼ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਜ਼ਖਮੀ ਕੁਲਦੀਪ ਦੀ ਵੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਇਸ ਘਟਨਾ ਸਬੰਧੀ ਪੁਲਿਸ ਵੱਲੋਂ ਗੋਲੀ ਚਲਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

