ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਜਲੀਆਂ ਦੇਣ ਵਾਲੇ ਬੋਰਡਾਂ ਤੋਂ ਪ੍ਰਧਾਨ ਮੰਤਰੀ ਦਾ ਨਾਂਅ ਗਾਇਬ ਕਰਨਾ ਭਾਜਪਾ ਬਰਦਾਸ਼ਤ ਨਹੀਂ ਕਰੇਗੀ : ਰਾਕੇਸ਼ ਜੈਨ
ਸੰਜੀਵ ਜਿੰਦਲ
ਬੁਢਲਾਡਾ, 15 ਅਗਸਤ 2023 : ਪੰਜਾਬ ਦੀ ਸਿਆਸਤ ‘ਚ ਹੁਣ ਭਾਜਪਾ ਅਤੇ ‘ਆਪ’ ਵਿਚਾਲੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਕਿਉਂਕਿ ਪੰਜਾਬ ਸਰਕਾਰ ਨੇ ਸੂਬੇ ਦੀਆਂ ਸ਼ਹੀਦੀ ਯਾਦਗਾਰਾਂ ‘ਤੇ ਲਿਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਹਟਾ ਦਿੱਤਾ ਹੈ। ਅਜਿਹੇ ‘ਚ ਭਾਜਪਾ ਨੇ ਪੰਜਾਬ ਦੀ ‘ਆਪ’ ਸਰਕਾਰ ‘ਤੇ ਗਲਤ ਕਾਰਵਾਈ ਕਰਨ ਦਾ ਦੋਸ਼ ਲਗਾਇਆ ਹੈ। ਪੰਜਾਬ ਦੀ ‘ਆਪ’ ਸਰਕਾਰ ਨੇ ਭਾਜਪਾ ਦੇ ਦੋਸ਼ਾਂ ਅਤੇ ਸਵਾਲਾਂ ਦਾ ਜਵਾਬ ਦਿੱਤਾ ਹੈ। ਸੂਬਾ ਸਰਕਾਰ ਨੇ ਕਿਹਾ ਕਿ ਸ਼ਹੀਦਾਂ ਦੀਆਂ ਯਾਦਗਾਰਾਂ ‘ਤੇ ਸਿਰਫ਼ ਸ਼ਹੀਦਾਂ ਦੇ ਨਾਂ ਹੋਣੇ ਚਾਹੀਦੇ ਹਨ।
ਅਜਿਹਾ ਮਾਮਲਾ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿੱਚ ਸਾਹਮਣੇ ਆਇਆ ਹੈ l ਅੱਜ 75ਵਾਂ ਅਜ਼ਾਦੀ ਕਾ ਮਹਾਉਤਸਵ ਦੇ ਤਹਿਤ ਹੋਣ ਵਾਲੇ ਸਮਾਗਮਾਂ ਦੇ ਕੇਂਦਰ ਸਰਕਾਰ ਵਾਲੇ ਉਦਘਾਟਨੀ ਪੱਥਰਾਂ ਤੋਂ ਪ੍ਰਧਾਨ ਮੰਤਰੀ ਦਾ ਨਾਂਅ ਹੀ ਗਾਇਬ ਕਰ ਦਿੱਤਾ ਗਿਆ। ਜਿਸ ਕਾਰਨ ਭਾਜਪਾ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਜੈਨ ਨੇ ਬੀ.ਡੀ.ਪੀ.ਓ. ਦਫਤਰ ਵਿੱਚ ਮੌਕੇ ਤੇ ਜਾ ਕੇ ਪ੍ਰਧਾਨ ਮੰਤਰੀ ਦੇ ਨਾਂਅ ਗਾਇਬ ਕਰਨ ਸੰਬੰਧੀ ਤੁਰੰਤ ਪੁਲਿਸ ਪ੍ਰਸ਼ਾਸ਼ਨ ਨੂੰ ਸੁਚੇਤ ਕਰਦਿਆਂ ਸਿਟੀ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ।

ਉਨਾਂ ਦੱਸਿਆ ਕਿ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ 75ਵੇਂ ਅਜ਼ਾਦੀ ਦਿਹਾੜੇ ਦੇ ਨਾਂ ਤੇ ਇਕ ਸਕੀਮ ਲਾਂਚ ਕੀਤੀ ਗਈ “75 ਅਜ਼ਾਦੀ ਕਾ ਮਹਾਉਤਸਵ, ਜਿਸ ਤਹਿਤ ਦੇਸ਼ ਦੇ ਸ਼ਹੀਦਾਂ ਤੇ ਅਜ਼ਾਦੀ ਘੁਲਾਟੀਆਂ ਨੂੰ ਸਨਮਾਨ ਦੇਣ ਖਾਤਰ ਸੰਬੰਧਤ ਪਿੰਡਾਂ ਵਿਚ ਬਕਾਇਦਾ ਪੱਥਰ ਲਗਾਏ ਗਏ ਹਨ, ਜਿਨ੍ਹਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ਰਧਾਂਜਲੀ ਵੀ ਦਿੱਤੀ ਗਈ ਹੈ। ਭਾਜਪਾ ਸਕਰਾਰ ਦੀ ਇਸ ਸਕੀਮ ਨਾਲ ਪਿੰਡਾਂ ਅੰਦਰ ਭਾਜਪਾ ਮਜ਼ਬੂਤ ਹੋਵੇਗੀ, ਕਿਉਂਕਿ ਸ਼ਹੀਦਾਂ ਜਾਂ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤੇ ਜਾਣ ਨਾਲ ਉਹ ਭਾਜਪਾ ਨਾਲ ਜੁੜਣਗੇ, ਜਿਨ੍ਹਾਂ ਦਾ ਪਿੰਡਾਂ ਵਿਚ ਪਹਿਲਾਂ ਹੀ ਕਾਫੀ ਆਦਰ ਸਤਿਕਾਰ ਹੁੰਦਾ ਹੈ। ਭਾਜਪਾ ਦੇ ਇਸ ਸਿਆਸੀ ਪੈਂਤੜੇ ਨੂੰ ਭਾਂਪਦੇ ਹੋਏ ਪਿੰਡਾਂ ਵਿਚ ਲੱਗੇ ਉਕਤ ਪੱਥਰਾਂ ‘ਤੇ ਉੱਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਅਤੇ ਭਾਜਪਾ ਦੀ ਛਾਪ ਨੂੰ ਮਿਟਾਉਣ ਖਾਤਰ ਇਨ੍ਹਾਂ ਤੇ ਨਵੀਂਆਂ ਫਲੈਕਸਾਂ ਲਗਾ ਦਿੱਤੀਆਂ। ਜਿਸ ਦਾ ਸਖਤ ਵਿਰੋਧ ਕਰਦੇ ਹਾਂ ਕਿ ਅੱਜ ਆਮ ਆਦਮੀ ਪਾਰਟੀ ਭਾਜਪਾ ਦੀ ਵੱਧ ਰਹੀ ਲੋਕਪ੍ਰਿਯਤਾ ਤੋਂ ਬੁਖਲਾਹਟ ਵਿੱਚ ਆ ਕੇ ਇਸ ਤਰ੍ਹਾਂ ਦੇ ਪੈਂਤਰੇ ਅਪਨਾ ਰਹੀ ਹੈ।
ਭਾਜਪਾ ਹਾਈਕਮਾਨ ਤੱਕ ਪਹੁੰਚਾਵਾਂਗੇ ਮਾਮਲਾ :
ਭਾਜਪਾ ਦੇ ਜਨਰਲ ਸਕੱਤਰ ਦਿਆਲ ਸੋਢੀ ਦਾ ਕਹਿਣਾ ਸੀ ਕਿ ਆਪ ਸਰਕਾਰ ਦੀ ਇਹ ਘਟੀਆ ਕਿਸਮ ਦੀ ਰਾਜਨੀਤੀ ਨਿੰਦਣਯੋਗ ਹੈ। ਇਹ ਕੇਂਦਰ ਸਰਕਾਰ ਦੀ ਸਕੀਮ ਹੈ, ਜਿਸ ਰਾਹੀਂ ਅਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ। ਇਸਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਸਿਆਸਤ ਕਰ ਰਹੀ ਹੈ। ਇਹ ਮਾਮਲਾ ਉਹ ਹਾਈਕਮਾਨ ਤੱਕ ਪਹੁੰਚਾਉਣਗੇ, ਜਦਕਿ ਆਪ ਦੀ ਇਸ ਤਰ੍ਹਾਂ ਸਿਆਸਤ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ‘ਤੇ ਫਲੈਕਸ ਲਗਾਉਣ ਵਾਲੇ ਅਧਿਕਾਰੀਆਂ ਵਿWੱਧ ਕਾਰਵਾਈ ਦੀ ਸਿਫਾਰਿਸ਼ ਵੀ ਕੀਤੀ ਜਾਵੇਗੀ।
ਦੂਜੇ ਪਾਸੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸੂਬਾ ਸਰਕਾਰ ਨੇ ਸ਼ਹੀਦਾਂ ਦੀ ਯਾਦਗਾਰ ਦੇ ਪੱਥਰਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਹਟਾ ਦਿੱਤਾ ਹੈ। ਉਨ੍ਹਾਂ ਸੂਬਾ ਸਰਕਾਰ ਦੀ ਇਸ ਕਾਰਵਾਈ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਤੋਂ ਸਾਫ ਹੈ ਕਿ ਇਸ ਮੁੱਦੇ ‘ਤੇ ਆਉਣ ਵਾਲੇ ਦਿਨਾਂ ‘ਚ ਭਾਜਪਾ ਅਤੇ ‘ਆਪ’ ਵਿਚਾਲੇ ਟਕਰਾਅ ਵਧ ਸਕਦਾ ਹੈ।
ਸੀਐੱਮ ਸਿਆਸੀ ਰੋਟੀਆਂ ਸੇਕਦੇ ਹਨ-ਜਾਖੜ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ‘ਤੇ ਹਮਲਾ ਬੋਲਿਆ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਮੇਰਾ ਦੇਸ਼ ਮੇਰੀ ਮਿੱਟੀ ਪ੍ਰੋਗਰਾਮ ਤਹਿਤ ਉਸ ਨੇ ਕੇਂਦਰ ਸਰਕਾਰ ਵੱਲੋਂ ਲਾਏ ਗਏ ਸ਼ਹੀਦਾਂ ਦੇ ਯਾਦਗਾਰੀ ਪੱਥਰਾਂ ਨਾਲ ਛੇੜਛਾੜ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਸ ਦੀ ਸਖ਼ਤ ਨਿਖੇਧੀ ਕਰਦੀ ਹੈ। ਸੁਨੀਲ ਜਾਖੜ ਨੇ ਤਸਵੀਰਾਂ ਅਤੇ ਬਿਆਨ ਜਾਰੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦ ਕਰਵਾਇਆ ਕਿ ਉਹ ਸ਼ਹੀਦਾਂ ਦੇ ਨਾਂ ‘ਤੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਰਹਿੰਦੇ ਹਨ। ਚੰਗਾ ਹੋਵੇਗਾ ਕਿ ਉਹ ਵੀ ਆਪਣੇ ਕੰਮ ਅਤੇ ਆਪਣੀ ਸੋਚ ਵਿਚ ਸ਼ਹੀਦਾਂ ਦੀ ਸੋਚ ਦਾ ਕੁਝ ਹਿੱਸਾ ਜ਼ਰੂਰ ਪਾਵੇ।
ਸ਼ਹੀਦੀ ਯਾਦਗਾਰਾਂ ‘ਤੇ ਲਿਖਿਆ ਪੀਐੱਮ ਦਾ ਸੰਦੇਸ਼
ਪ੍ਰਧਾਨ ਮੰਤਰੀ (Prime Minister) ਦੇ ਸੰਦੇਸ਼ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਯਾਦਗਾਰੀ ਪੱਥਰਾਂ ‘ਤੇ ਲਿਖਿਆ ਗਿਆ ਹੈ ਕਿ ‘ਮਾਤ ਭੂਮੀ ਲਈ, ਹਰ ਦਿਨ, ਹਰ ਪਲ ਅਤੇ ਜ਼ਿੰਦਗੀ ਦਾ ਹਰ ਕਣ ਉਨ੍ਹਾਂ ਆਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਹੈ, ਜੋ ਇਸ ਲਈ ਜਿਉਂਦੇ ਹਨ। ਦੇਸ਼ ਦੀ ਆਜ਼ਾਦੀ… ਨਰਿੰਦਰ ਮੋਦੀ, ਪ੍ਰਧਾਨ ਮੰਤਰੀ, ਭਾਰਤ ਨੂੰ ਸਾਡੀ ਸ਼ਰਧਾਂਜਲੀ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਇਸ ਯਾਦਗਾਰੀ ਪੱਥਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਦੇਸ਼ ‘ਤੇ ਕਾਲੀ ਟੇਪ ਲਗਾ ਕੇ ਸੰਦੇਸ਼ ਲਿਖਿਆ ਗਿਆ ਹੈ, ਜੋ ਇਸ ਤਰ੍ਹਾਂ ਹੈ…”ਕੋਟਿ ਪ੍ਰਣਾਮ”।
ਝੂਠੀ ਬ੍ਰਾਂਡਿੰਗ ‘ਚ ਹੋ ਰਹੀ ਪੈਸੇ ਬਰਬਾਦ-ਬੀਜੇਪੀ
ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ‘ਚ ਕਰੋੜਾਂ ਰੁਪਏ ਖਰਚ ਕੇ ਅਤੇ ਸੂਬੇ ਦੀ ਹਰ ਕੰਧ ਤੇ ਪ੍ਰੋਜੈਕਟ ‘ਤੇ ਆਪਣੀਆਂ ਤਸਵੀਰਾਂ ਲਗਵਾ ਕੇ ਵੀ ਸੀ.ਐਮ ਮਾਨ ਸੰਤੁਸ਼ਟ ਨਹੀਂ ਹੋਏ, ਹੁਣ ਉਹ ਸ਼ਹੀਦਾਂ ਦੀ ਯਾਦ ‘ਚ ਬਣਾਈਆਂ ਯਾਦਗਾਰਾਂ ‘ਤੇ ਵੀ ਸਿਆਸਤ ਕਰਨ ਲੱਗ ਪਏ ਹਨ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਨੈਸ਼ਨਲ ਹੈਲਥ ਮਿਸ਼ਨ ਤਹਿਤ ਮਿਲਣ ਵਾਲੀ ਰਾਸ਼ੀ ਨੂੰ ਆਪਣੀ ਝੂਠੀ ਬ੍ਰਾਂਡਿੰਗ ਵਿੱਚ ਖਰਚ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਸੀ ਪਰ ਹੁਣ ਇਸ ਸਰਕਾਰ ਨੇ ਸ਼ਹੀਦਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਦਾ ਮਨ ਬਣਾ ਲਿਆ ਹੈ।

