ਬਿਊਰੋ, ਪ੍ਰਾਈਮ ਪੋਸਟ ਪੰਜਾਬ
ਰਾਜਪੁਰਾ, 14 ਅਗਸਤ 2023 : ਸਥਾਨਕ ਗੁਰੂ ਅੰਗਦ ਦੇਵ ਕਾਲੋਨੀ ’ਚ ਮੈਡੀਕਲ ਦੀ ਦੁਕਾਨ ਦੇ ਮਾਲਕ ਦਾ ਦੇਰ ਰਾਤ ਅਣਪਛਾਤੇ ਨਸ਼ੇੜੀ ਵਿਅਕਤੀਆਂ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਪੁਲਿਸ ਨੇ ਮੌਕਾ ਦੇਖਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਗੁਰੂ ਅੰਗਦ ਦੇਵ ਕਾਲੋਨੀ ’ਚ ਝੰਡੀ ਵਾਲੇ ਡਾਕਟਰ ਦੇ ਨਾਂ ਨਾਲ ਮਸ਼ਹੂਰ ਮੈਡੀਕਲ ਦੁਕਾਨ ਦਾ ਮਾਲਕ ਦਿਨੇਸ਼ ਗੋਸਵਾਮੀ ਆਪਣੀ ਦੁਕਾਨ ’ਤੇ ਬੈਠਾ ਸੀ। ਦੇਰ ਰਾਤ ਉਸ ਦੀ ਦੁਕਾਨ ’ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ। ਉਪਰੰਤ ਕਿਸੇ ਵਿਅਕਤੀ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਸੁਰਿੰਦਰ ਮੋਹਨ, ਥਾਣਾ ਸਿਟੀ ਐੱਸਐੱਚਓ ਰਾਜੇਸ਼ ਮਲਹੋਤਰਾ ਤੇ ਕਸਤੂਰਬਾ ਪੁਲਿਸ ਚੌਕੀ ਦੇ ਇੰਚਾਰਜ ਮੌਕੇ ’ਤੇ ਪਹੁੰਚੇ। ਗੰਭੀਰ ਜ਼ਖਮੀ ਹਾਲਤ ’ਚ ਦਿਨੇਸ਼ ਗੋਸਵਾਸੀ ਨੂੰ ਸਿਵਲ ਹਸਪਤਾਲ ਲੈ ਜਾਇਆ ਗਿਆ l ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸੀਆਈਏ ਪਟਿਆਲਾ ਪੁਲਿਸ ਨੇ ਵੀ ਕਤਲ ਦੇ ਇਸ ਮਾਮਲੇ ਦੀ ਜਾਂਚ ਕੀਤੀ। ਪਤਾ ਲੱਗਾ ਹੈ ਕਿ ਕੁਝ ਨਸ਼ੇੜੀ ਉਕਤ ਮੈਡੀਕਲ ਸਟੋਰ ਦੇ ਮਾਲਕ ਤੋਂ ਨਸ਼ਾ ਕਰਨ ਵਾਲੀ ਦਵਾਈ ਮੰਗ ਰਹੇ ਸਨ ਪਰ ਉਸ ਵੱਲੋਂ ਮਨ੍ਹਾਂ ਕਰ ਦੇਣ ’ਤੇ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਕਤਲ ਕਰ ਦਿੱਤਾ।

