ਬਿਊਰੋ, ਪ੍ਰਾਈਮ ਪੋਸਟ ਪੰਜਾਬ
ਤਰਨਤਾਰਨ : ਤਰਨਤਾਰਨ ਜ਼ਿਲ੍ਹੇ ‘ਚ ਅਣਪਛਾਤੇ ਕਾਰ ਸਵਾਰਾਂ ਵਲੋਂ 3 ਸਾਲਾ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜ਼ਿਲ੍ਹੇ ਦੀ ਪੁਲਿਸ ਨੇ ਹਾਈ ਅਲਰਟ ‘ਤੇ ਹੁੰਦੇ ਹੋਏ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਬੱਚੇ ਦੀ ਮਾਂ ਗੁਰਿੰਦਰ ਕੌਰ ਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ 19 ਜੁਲਾਈ ਨੂੰ 3 ਸਾਲ ਦਾ ਹੋ ਗਿਆ ਹੈ ਅਤੇ ਪਰਿਵਾਰ ਨੂੰ 9 ਸਾਲ ਬਾਅਦ ਪੁੱਤਰ ਦੀ ਦਾਤ ਮਿਲੀ ਹੈ। ਗੁਰਸੇਵਕ ਦੀ ਵੱਡੀ ਭੈਣ ਗੁਰਜੀਤ ਕੌਰ ਦੀ ਉਮਰ 12 ਸਾਲ ਹੈ।
ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਛੋਟਾ ਲੜਕਾ ਗੁਰਸੇਵਕ ਸਿੰਘ ਅਤੇ ਉਸ ਦਾ ਪਿਤਾ ਅੰਗਰੇਜ਼ ਸਿੰਘ ਪਿੰਡ ਰੇਸੀਆਣਾ ਤੋਂ ਮੋਟਰਸਾਈਕਲ ’ਤੇ ਗੁਰਦੁਆਰਾ ਸੇਵਕਪੁਰੀ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ ਸਨ ਅਤੇ ਵਾਪਸ ਆਉਂਦੇ ਸਮੇਂ ਕਾਰ ’ਚ ਸਵਾਰ ਕੁਝ ਵਿਅਕਤੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੋਹਾਂ ਪਿਓ-ਪੁੱਤ ਨੂੰ ਘੇਰ ਕੇ ਪਹਿਲਾਂ ਫੋਨ ਅਤੇ ਪੈਸੇ ਖੋਹ ਲਏ ਅਤੇ ਫਿਰ ਬੱਚੇ ਨੂੰ ਅਗਵਾ ਕਰ ਲਿਆ। ਘਟਨਾ ਰਾਤ 8 ਵਜੇ ਦੇ ਕਰੀਬ ਵਾਪਰੀ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ।

