ਬਿਊਰੋ, ਪ੍ਰਾਈਮ ਪੋਸਟ ਪੰਜਾਬ
ਪਠਾਨਕੋਟ, 14 ਅਗਸਤ 2023 : ਪੰਜਾਬ ਵਿੱਚ ਐਤਵਾਰ ਰਾਤ ਇੱਕ ਪਾਕਸਿਤਾਨੀ ਘੁਸਪੈਠੀਏ ਨੂੰ ਗੋਲੀ ਮਾਰ ਦਿੱਤੀ ਗਈ, ਜਿਹੜਾ ਕਿ ਸਰਹੱਦ ਅੰਦਰ ਦਾਖਿਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੀਐਸਐਫ ਜਵਾਨਾਂ ਨੇ ਪਠਾਨਕੋਟ ਵਿੱਚ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰ ਰਹੇ ਇੱਕ ਵਿਅਕਤੀ ਨੂੰ ਮਾਰ ਦਿੱਤਾ। ਕਰੀਬ 14 ਰਾਊਂਡ ਫਾਇਰਿੰਗ ਹੋਈ। ਵਿਅਕਤੀ ਦੀ ਗੋਲੀਆਂ ਨਾਲ ਵਿੰਨ੍ਹੀ ਲਾਸ਼ ਝਾੜੀਆਂ ਵਿੱਚੋਂ ਮਿਲੀ। ਕੁੱਝ ਦਿਨ ਪਹਿਲਾਂ ਤਰਨਤਾਰਨ ਦੇ ਸਰਹੱਦੀ ਪਿੰਡ ਥੇਹ ਕਲਾਂ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਕਰ ਰਹੇ ਇੱਕ ਘੁਸਪੈਠੀਏ ਨੂੰ ਵੀ ਬੀਐਸਐਫ ਨੇ ਢੇਰ ਕੀਤਾ ਸੀ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਜ਼ਾਦੀ ਦਿਹਾੜੇ ਤੋਂ ਠੀਕ ਪਹਿਲਾਂ ਪਠਾਨਕੋਟ ਦੀ ਭਾਰਤ-ਪਾਕਿ ਸਰਹੱਦ ‘ਤੇ ਕਮਲਜੀਤ ਚੌਕੀ ‘ਤੇ ਬੀਤੀ ਰਾਤ ਗੋਲੀਬਾਰੀ ਹੋਈ, ਜਿਸ ‘ਚ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ‘ਚ ਘੁਸਪੈਠ ਕਰ ਰਹੇ ਇਕ ਘੁਸਪੈਠੀਏ ਦੀ ਮੌਤ ਹੋ ਗਈ।
ਹਾਲਾਂਕਿ ਅਜੇ ਤੱਕ ਇਸ ਮਾਮਲੇ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਸਰਹੱਦ ‘ਤੇ ਕਾਫੀ ਹਲਚਲ ਹੈ। ਇਲਾਕੇ ਦੇ ਹਰ ਨੁੱਕਰੇ ਦੀ ਤਲਾਸ਼ੀ ਲਈ ਜਾ ਰਹੀ ਹੈ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਅਤੇ BSF ਦੀ ਟੁਕੜੀ ਕਾਫੀ ਚੌਕਸ ਹੈ।
ਦੱਸਿਆ ਜਾ ਰਿਹਾ ਹੈ ਕਿ ਬੀਐਸਐਫ ਦੇ ਜਵਾਨਾਂ ਨੇ ਰਾਤ ਕਰੀਬ 12.30 ਵਜੇ ਸਰਹੱਦੀ ਖੇਤਰ ਵਿੱਚ ਵਾੜ ਦੇ ਸਾਹਮਣੇ ਇੱਕ ਪਾਕਿਸਤਾਨੀ ਘੁਸਪੈਠੀਏ ਦੀ ਸ਼ੱਕੀ ਗਤੀਵਿਧੀ ਦੇਖੀ। ਸੈਨਿਕਾਂ ਨੇ ਘੁਸਪੈਠੀਏ ਨੂੰ ਚੇਤਾਵਨੀ ਦਿੱਤੀ, ਪਰ ਜਦੋਂ ਉਹ ਨਾ ਰੁਕਿਆ ਤਾਂ ਸੈਨਿਕਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।

