ਬਿਊਰੋ, ਪ੍ਰਾਈਮ ਪੋਸਟ ਪੰਜਾਬ
ਸ੍ਰੀ ਮਾਛੀਵਾੜਾ ਸਾਹਿਬ , 3 ਅਗਸਤ 2023 : ਪੰਜਾਬੀ ਗਾਇਕਾ ਪਰਮਜੀਤ ਕੌਰ ਪੰਮੀ ਵਾਸੀ ਪਿੰਡ ਰਹੀਮਾਬਾਦ ਖੁਰਦ ਪੁਲਿਸ ਦੇ ਅਨੁਸਾਰ ‘ਚਿੱਟਾ ਵੇਚਣ ਵਾਲੀ ਨਿਕਲੀ ਅਤੇ ਕੁਝ ਦਿਨ ਪਹਿਲਾਂ ਨਸ਼ੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨ ਕੁਲਦੀਪ ਸਿੰਘ ਲਾਡੀ ਦੇ ਮਾਮਲੇ ਵਿਚ ਪੁਲਿਸ ਨੇ ਗਾਇਕਾ ਪੰਮੀ ਸਮੇਤ ਜਗਦੀਸ਼ ਸਿੰਘ ਦੀਸ਼ਾ ਵਾਸੀ ਲੱਖੋਵਾਲ ਕਲਾਂ ਨੂੰ ਕਾਬੂ ਕਰ ਲਿਆ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਸਮਰਾਲਾ ਵਰਿਆਮ ਸਿੰਘ ਅਤੇ ਥਾਣਾ ਮੁੱਖੀ ਡੀਐੱਸਪੀ ਮਨਦੀਪ ਕੌਰ ਨੇ ਦੱਸਿਆ ਕਿ ਬੀਤੀ 30 ਜੁਲਾਈ ਨੂੰ ਨੇੜਲੇ ਪਿੰਡ ਮਾਣੇਵਾਲ ਦਾ ਨੌਜਵਾਨ ਕੁਲਦੀਪ ਸਿੰਘ ਲਾਡੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਸਥਾਨਕ ਬੱਚਿਆਂ ਨੂੰ ਦਫ਼ਨਾਉਣ ਵਾਲੀ ਜਗ੍ਹਾ ਨੇੜੇ ਮ੍ਰਿਤਕ ਪਿਆ ਮਿਲਿਆ ਸੀ ਜਿਸ ’ਤੇ ਪੁਲਿਸ ਨੇ ਅਣਪਛਾਤੇ 4-5 ਵਿਅਕਤੀਆਂ ਅਤੇ 2-3 ਔਰਤਾਂ ਵਿਰੁੱਧ ਮਾਮਲਾ ਦਰਜ ਕੀਤਾ ਸੀ। ਨੌਜਵਾਨ ਦੀ ਮੌਤ ਤੋਂ ਬਾਅਦ ਪੁਲਿਸ ਜ਼ਿਲਾ ਖੰਨਾ ਦੀ ਐੱਸਐੱਸਪੀ ਅਮਨੀਤ ਕੌਂਡਲ ਅਤੇ ਐੱਸਪੀ ਪ੍ਰੱਗਿਆ ਜੈਨ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਦਾ ਗਠਨ ਕਰਕੇ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਕੁਲਦੀਪ ਸਿੰਘ ਲਾਡੀ ਉਸਦੇ ਨੇੜਲੇ ਹੀ ਪਿੰਡ ਰਹੀਮਾਬਾਦ ਖੁਰਦ ਦੀ ਵਾਸੀ ਪਰਮਜੀਤ ਕੌਰ ਪੰਮੀ ਤੋਂ ਨਸ਼ਾ ਲੈ ਕੇ ਆਇਆ ਸੀ।

ਮ੍ਰਿਤਕ ਨੌਜਵਾਨ ਨਾਲ ਇਸ ਦੇ ਹੋਰ ਕਈ ਸਾਥੀ ਸਨ। ਜਿਨ੍ਹਾਂ ਨੇ ਜਗਦੀਸ਼ ਸਿੰਘ ਦੀਸ਼ਾ ਤੋਂ ਵੀ ਨਸ਼ਾ ਖਰੀਦਿਆ ਅਤੇ ਫਿਰ ਬੱਚਿਆਂ ਦੀ ਮੜ੍ਹੀਆ ਵਿੱਚ ਜਾ ਕੇ ਟੀਕੇ ਲਗਾਉਣ ਲੱਗ ਪਏ। ਪੁਲਿਸ ਅਨੁਸਾਰ ਨੌਜਵਾਨ ਕੁਲਦੀਪ ਸਿੰਘ ਨੇ ਸਭ ਤੋਂ ਪਹਿਲਾਂ ਨਸ਼ੇ ਦਾ ਟੀਕਾ ਲਗਾਇਆ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਉਸਦੇ ਨਾਲ ਦੇ ਸਾਥੀ ਉਸ ਨੂੰ ਛੱਡ ਕੇ ਫ਼ਰਾਰ ਹੋ ਗਏ। ਡੀਐੱਸਪੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਪਰਮਜੀਤ ਕੌਰ ਪੰਮੀ ਜੋ ਕਿ ਪੇਸ਼ੇ ਵਜੋਂ ਗਾਇਕਾ ਹੈ ਅਤੇ ਮੇਲਿਆਂ ’ਚ ਅਖਾੜੇ ਵੀ ਲਗਾਉਂਦੀ ਰਹੀ ਹੈ ਅਤੇ ਜਗਦੀਸ਼ ਸਿੰਘ ਦੀਸ਼ਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਵਿਚ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਨੇ ਦੱਸਿਆ ਕਿ ਓਵਰਡੋਜ਼ ਨਾਲ ਮਰੇ ਨੌਜਵਾਨ ਦੇ ਮਾਮਲੇ ਵਿਚ ਹੋਰ ਕਈ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਨਾਵਾਂ ਦੇ ਖੁਲਾਸੇ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਵਲੋਂ ਜੋ ਮੈਡੀਕਲ ਸਟੋਰ ਨਸ਼ੇੜੀਆਂ ਨੂੰ ਸਰਿੰਜਾਂ ਟੀਕੇ ਵੇਚਦਾ ਹੈ ਉਸਦੀ ਪਹਿਚਾਣ ਵੀ ਕਰ ਲਈ ਗਈ ਜਿਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡੀਐੱਸਪੀ ਨੇ ਕਿਹਾ ਕਿ ਨਸ਼ਿਆਂ ਦੇ ਵਧਦੇ ਰੁਝਾਨ ਨੂੰ ਨੱਥ ਪਾਉਣ ਲਈ ਮਾਪੇ ਆਪਣੇ ਬੱਚਿਆਂ ਦਾ ਆਪ ਵੀ ਧਿਆਨ ਰੱਖਣ ਅਤੇ ਮਾੜੀ ਸੰਗਤ ਤੋਂ ਬਚਾਉਣ।
ਮਾਛੀਵਾੜਾ ਇਲਾਕੇ ਦੇ ਧਾਰਮਿਕ ਅਸਥਾਨਾਂ ਅਤੇ ਸੱਭਿਆਚਾਰਕ ਮੇਲਿਆਂ ਵਿਚ ਕਿਸੇ ਵੇਲੇ ਗਾਇਕਾ ਪਰਮਜੀਤ ਪੰਮੀ ਦੀ ਚੜਦੀ ਕਲਾ ਵਿੱਚ ਰਹੀ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਗਾਇਕੀ ਦਾ ਕੰਮ ਘੱਟ ਗਿਆ। ਗੀਤਾਂ ਨੂੰ ਲੈ ਕੇ ਪੰਮੀ ਦੇ ਕਈ ਗੀਤ ਪ੍ਰਾਇਵੇਟ ਪੱਧਰ ਤੇ ਕਈ ਦੂਰਦਰਸ਼ਨ ’ਤੇ ਵੀ ਪ੍ਰਸਾਰਿਤ ਹੋਏ ਪਰ ਹੁਣ ਉਹ ਪੈਸਿਆਂ ਦੇ ਲਾਲਚ ਵਿਚ ਆ ਕੇ ਨਸ਼ਾ ਵੇਚਣ ਲੱਗ ਪਈ ਸੀ। ਜ਼ਿਕਰਯੋਗ ਹੈ ਕਿ ਗਾਇਕਾ ਦੀ ਭੈਣ ਬੇਅੰਤ ਕੌਰ ਵੀ ਨਸ਼ਾ ਤੇ ਕਤਲ ਦੇ ਮਾਮਲੇ ਵਿਚ ਜੇਲ੍ਹ ਵਿੱਚ ਬੰਦ ਹੈ ਜਿਸ ਉੱਪਰ ਨਸ਼ਾ ਤਸਕਰੀ ਦੇ ਮਾਮਲੇ ਵੀ ਦਰਜ ਹਨ। ਗਾਇਕਾ ਪੰਮੀ ਦੇ ਘਰ ਕੁਝ ਮਹੀਨੇ ਪਹਿਲਾਂ ਵੀ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ ਜਿਸ ਦੀ ਲਾਸ਼ ਨੂੰ ਇਸ ਦੀ ਭੈਣ ਬੇਅੰਤ ਕੌਰ ਨੇ ਖੁਰਦ ਬੁਰਦ ਕਰ ਦਿੱਤਾ ਸੀ ਜਿਸ ਕਾਰਨ ਉਸ ’ਤੇ ਕਤਲ ਦਾ ਮਾਮਲਾ ਦਰਜ ਹੋਇਆ ਅਤੇ ਉਸਨੂੰ ਜੇਲ੍ਹ ਦੀ ਹਵਾ ਖਾਣੀ ਪਈ। ਭੈਣ ਦੇ ਜੇਲ੍ਹ ਵਿਚ ਜਾਣ ਤੋਂ ਬਾਅਦ ਨਸ਼ੇ ਵੇਚਣ ਦਾ ਕੰਮ ਪਰਮਜੀਤ ਪੰਮੀ ਨੇ ਸੰਭਾਲਿਆ ਪਰ ਹੁਣ ਨਸ਼ੇ ਵੇਚਣ ਕਾਰਨ ਹੋਈ ਨੌਜਵਾਨ ਦੀ ਮੌਤ ਤੋਂ ਬਾਅਦ ਇਹ ਵੀ ਪੁਲਿਸ ਦੇ ਕਾਬੂ ਆ ਗਈ।
ਨਸ਼ੇ ਦੀ ਓਵਰਡੋਜ਼ ਨਾਲ ਮਰਿਆ ਨੌਜਵਾਨ ਕੁਲਦੀਪ ਲਾਡੀ ਨੇ ਨਸ਼ੇ ਦੀ ਆਦਤ ਨੂੰ ਪੂਰਾ ਕਰਨ ਲਈ ਇੱਕ ਬੱਕਰੀ ਚੋਰੀ ਕੀਤੀ ਜੋ ਉਸਨੇ ਮਾਛੀਵਾਡ਼ਾ ਵਿਖੇ ਇੱਕ ਮੀਟ ਵੇਚਣ ਵਾਲੇ ਨੂੰ ਵੇਚ ਦਿੱਤੀ। ਚੋਰੀ ਕੀਤੀ ਬੱਕਰੀ ਦੇ ਪੈਸੇ ਵੱਟ ਕੇ ਉਸਨੇ ਮੌਤ ਦਾ ਸਮਾਨ ਖਰੀਦਿਆ ਅਤੇ ਉਸ ਨੇ ਜਿਉਂ ਹੀ ਨਸ਼ੇ ਦਾ ਟੀਕਾ ਲਗਾਇਆ ਤਾਂ ਉਸਦੀ ਮੌਤ ਹੋ ਗਈ। ਪੁਲਿਸ ਨੇ ਪੁੱਛਗਿੱਛ ਲਈ ਚੋਰੀ ਦੀ ਬੱਕਰੀ ਖਰੀਦਣ ਤੇ ਮੀਟ ਵੇਚਣ ਵਾਲੇ ਨੂੰ ਵੀ ਥਾਣੇ ਬੁਲਾ ਇਆ ਸੀ ਪਰ ਬਾਅਦ ਵਿੱਚ ਜਾਂਚ ਉਪਰੰਤ ਉਸਨੂੰ ਛੱਡ ਦਿੱਤਾ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਲਈ ਨਸ਼ੇੜੀ ਆਪਣੇ ਘਰ ਦਾ ਮਹਿੰਗਾ ਸਮਾਨ ਸਸਤੇ ਭਾਅ ਵਿੱਚ ਵੇਚ ਜਾਂਦੇ ਹਨ।

