75 ਹਜ਼ਾਰ ਰੁਪਏ ਪਹਿਲਾਂ ਹੀ ਲਏ
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਫਰੀਦਕੋਟ : ਫਿਰੋਜ਼ਪੁਰ ਵਿਜੀਲੈਂਸ ਬਿਊਰੋ ਦੀ ਟੀਮ ਨੇ ਫਰੀਦਕੋਟ ਵੂਮੈਨ ਸੈੱਲ ਵਿੱਚ ਤਾਇਨਾਤ ਮਹਿਲਾ ਏਐਸਆਈ ਹਰਜਿੰਦਰ ਕੌਰ ਨੂੰ 75,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨਜੀਤ ਕੌਰ ਵਾਸੀ ਪਿੰਡ ਝੱਖੜਵਾਲਾ ਤਹਿਸੀਲ ਜੈਤੋ( ਫਰੀਦਕੋਟ) ਮਨਜੀਤ ਕੌਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਵਿਆਹ 3 ਫਰਵਰੀ 2016 ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੁਹਾਰਾ ਵਾਸੀ ਗੁਰਸਿਮਰਤ ਸਿੰਘ ਨਾਲ ਹੋਇਆ ਸੀ। ਉਹ ਕੈਨੇਡੀਅਨ ਹੈ। ਉਸ ਨੇ ਆਪਣੇ NRI ਪਤੀ ਖ਼ਿਲਾਫ਼ ਐਸਐਸਪੀ ਦਫ਼ਤਰ ਫਰੀਦਕੋਟ ਵਿੱਚ 60 ਲੱਖ ਰੁਪਏ ਦੀ ਠੱਗੀ ਮਾਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਕਾਲ ਰਿਕਾਰਡਿੰਗ ਵਿਜੀਲੈਂਸ ਨੂੰ ਦਿੱਤੀ ਗਈ
ਮਾਮਲੇ ਦੀ ਜਾਂਚ ਏਐਸਆਈ ਹਰਜਿੰਦਰ ਕੌਰ ਨੂੰ ਸੌਂਪੀ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਮਹਿਲਾ ASI ਨੇ ਦੋਸ਼ੀ ਧਿਰ ਖਿਲਾਫ ਕਾਰਵਾਈ ਕਰਨ ਲਈ ਉਸ ਤੋਂ ਪਹਿਲਾਂ ਹੀ 75,000 ਰੁਪਏ ਦੀ ਰਿਸ਼ਵਤ ਲੈ ਲਈ ਸੀ। ਹੁਣ ਮੁਲਜ਼ਮ ਪਤੀ ਅਤੇ ਸਹੁਰੇ ਖ਼ਿਲਾਫ਼ ਐਫਆਈਆਰ ਦਰਜ ਕਰਵਾਉਣ ਦੇ ਬਦਲੇ ਇੱਕ ਲੱਖ ਰੁਪਏ ਹੋਰ ਮੰਗ ਰਹੀ ਹੈ। ਉਸ ਨੇ ਮੁਲਜ਼ਮ ਏਐਸਆਈ ਦੀ ਕਾਲ ਰਿਕਾਰਡਿੰਗ ਵੀ ਵਿਜੀਲੈਂਸ ਬਿਊਰੋ ਨੂੰ ਦਿੱਤੀ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ , ਫਿਰੋਜ਼ਪੁਰ ਰੇਂਜ ਦੇ ਥਾਣਾ ਸਦਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਸ ਕਾਰਨ ਅੱਜ ਮਹਿਲਾ ਏਐਸਆਈ ਹਰਜਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

