ਸੰਜੀਵ ਜਿੰਦਲ
ਚੰਡੀਗੜ੍ਹ 27 ਜੂਨ 2023 : ਆਮ ਆਦਮੀ ਪਾਰਟੀ ਦੇ ਹਲਕਾ ਸਰਦੂਲਗੜ੍ਹ ਦੇ ਸੀਨੀਅਰ ਆਗੂ ਚੌਧਰੀ ਨੇਮ ਚੰਦ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ (ਪੀ ਐਸ ਟੀ ਸੀ ਐੱਲ) ਦਾ ਡਾਇਰੈਕਟਰ ਨਿਯੁਕਤ ਕੀਤਾ ਹੈ। ਮੁੱਖ ਮੰਤਰੀ ਵੱਲੋਂ ਚੌਧਰੀ ਨੇਮ ਚੰਦ ਦੀ ਬਤੌਰ ਟਰਾਂਸਕੋ ਡਾਇਰੈਕਟਰ ਨਿਯੁਕਤੀ ਦੋ ਸਾਲ ਲਈ ਕੀਤੀ ਹੈ। ਇਸ ਵੱਕਾਰੀ ਅਹੁਦੇ ਤੇ ਨਿਯੁਕਤ ਕਰਨ ਲਈ ਚੌਧਰੀ ਨੇਮ ਚੰਦ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਸਮੁੱਚੀ “ਆਪ” ਹਾਈਕਮਾਨ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹ ਮੁੱਖ ਮੰਤਰੀ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।
ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਤੇ ਪਹੁੰਚ ਕੇ ਚੌਧਰੀ ਨੇਮ ਚੰਦ ਨੇ ਮੁੱਖ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਮਾਲਵਾ ਇਲਾਕੇ ਵਿੱਚ ਚੰਗਾ ਅਸਰ ਰਸੂਖ ਰੱਖਣ ਵਾਲੇ ਨੇਮ ਚੰਦ ਚੌਧਰੀ ਸਰਦੂਲਗੜ੍ਹ ਨੇ ਸਾਲ 2009 ਦੀ ਲੋਕ ਸਭਾ ਚੋਣ ਬਠਿੰਡਾ ਲੋਕ ਸਭਾ ਹਲਕੇ ਤੋਂ ਲੜੀ ਸੀ ਅਤੇ ਉਹਨਾਂ ਵਲੋਂ ਸਾਲ 2012 ਦੀ ਵਿਧਾਨ ਸਭਾ ਚੋਣ ਸਰਦੂਲਗੜ੍ਹ ਹਲਕੇ ਤੋਂ ਲੜੀ ਗਈ ਸੀ।
ਉਹਨਾਂ ਦੀ ਬਤੌਰ ਟਰਾਂਸਕੋ ਡਾਇਰੈਕਟਰ ਨਿਯੁਕਤੀ ਹੋਣ ਤੇ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਦੇ ਨਾਲ ਨਾਲ ਬਠਿੰਡਾ ਲੋਕ ਸਭਾ ਹਲਕੇ ਦੇ ਸਮੁੱਚੇ ਆਮ ਆਦਮੀ ਪਾਰਟੀ ਵਰਕਰਾਂ ਅਤੇ ਉਹਨਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਚੌਧਰੀ ਨੇਮ ਚੰਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਇਸ ਨਿਯੁਕਤੀ ਲਈ ਸਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਰਿਣੀ ਰਹਿਣਗੇ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦੀ ਬਿਹਤਰੀ ਲਈ ਜੀ ਜਾਨ ਨਾਲ ਕੰਮ ਕਰਨਗੇ। ਚੌਧਰੀ ਨੇਮ ਚੰਦ ਦੀ ਰਿਹਾਇਸ਼ ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।”

