50 ਲੱਖ ਤੋਂ 1 ਕਰੋੜ ਰੁਪਏ ਪ੍ਰਤੀ ਪਿੰਡ ਲਈ ਰੱਖਾਂਗੇ ਮੰਗ : ਚੇਅਰਮੈਨ ਅੱਕਾਂਵਾਲੀ
ਬਿਊਰੋ, ਪ੍ਰਾਈਮ ਪੋਸਟ ਪੰਜਾਬ / ਦਵਿੰਦਰ ਕੋਹਲੀ
ਮਾਨਸਾ, 9 ਜੂਨ 2023 : ਕੱਲ੍ਹ 10 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਕੈਬਨਿਟ ਮੰਤਰੀਆਂ ਸਮੇਤ ਮਾਨਸਾ ਵਿਖੇ ਕੈਬਨਿਟ ਮੀਟਿੰਗ ਕਰਨ ਲਈ ਪਹੁੰਚ ਰਹੇ ਹਨ। ਇਸ ਵਿੱਚ ਮਾਨਸਾ ਜਿਲ੍ਹੇ ਦੇ ਪਿੰਡ ਅਤੇ ਸ਼ਹਿਰਾਂ ਦੇ ਲੋੜੀਂਦੇ ਵਿਕਾਸਾਂ ਲਈ ਗ੍ਰਾਂਟਾ ਦੀ ਮੰਗ ਕਰਕੇ ਇਨ੍ਹਾਂ ਨੂੰ ਪੂਰਾ ਕਰਨ ਦਾ ਯਤਨ ਕਰਾਂਗੇ।
ਜਿਲ੍ਹਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਆਪਣੇ ਦਫਤਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇੱਕ ਮੁੱਖ ਮੰਤਰੀ ਵੱਲੋਂ ਮਾਨਸਾ ਵਿੱਚ ਪਹਿਲੀ ਵਾਰ ਪੰਜਾਬ ਦੀ ਕੈਬਨਿਟ ਮੀਟਿੰਗ ਰੱਖੀ ਗਈ ਹੈ। ਜਿਸ ਲਈ ਮਾਨਸਾ ਜਿਲ੍ਹਾ ਭਾਗਾਂਸ਼ਾਲੀ ਹੈ। ਉਨ੍ਹਾਂ ਕਿਹਾ ਕਿ ਇਸ ਭਾਗਾਂਸ਼ਾਲੀ ਉਤਸਵ ਦਾ ਫਾਇਦਾ ਲੈਣ ਲਈ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕਰਾਂਗੇ ਕਿ ਮਾਨਸਾ ਜਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋੜੀਂਦੇ ਵਿਕਾਸ ਲਈ ਗ੍ਰਾਂਟ ਜਾਰੀ ਕੀਤੀ ਜਾਵੇ। ਜਿਸ ਨਾਲ ਵਿਕਾਸ ਤੇਜੀ ਨਾਲ ਹੋ ਸਕੇ ਅਤੇ ਪਿੰਡਾਂ ਅਤੇ ਸ਼ਹਿਰਾਂ ਦੀ ਨੁਹਾਰ ਬਦਲ ਸਕੇ।
ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਤੀ ਪਿੰਡ ਨੂੰ 50 ਲੱਖ ਤੋਂ 1 ਕਰੋੜ ਰੁਪਏ ਤੱਕ ਦੀ ਗ੍ਰਾਂਟ ਪ੍ਰਤੀ ਪਿੰਡ ਦੇਣ ਦੀ ਯੋਜਨਾ ਰੱਖਾਂਗੇ। ਲਾਜਮੀ ਹੈ ਕਿ ਮੁੱਖ ਮੰਤਰੀ ਇਨ੍ਹਾਂ ਤੇ ਬੂਰ ਪਾਉਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਸਮੱਚੀ ਟੀਮ ਵੱਲੋਂ ਮੁੱਖ ਮੰਤਰੀ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਜਿਸ ਦੀਆਂ ਪ੍ਰਸ਼ਾਸ਼ਨ ਅਤੇ ਪਾਰਟੀ ਦੇ ਆਗੂਆਂ ਵੱਲੋਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਇਸ ਮੌਕੇ ਆਮ ਆਦਮੀ ਪਾਰਟੀ ਲੀਗਲ ਸੈੱਲ ਜਿਲ੍ਹਾ ਮਾਨਸਾ ਦੇ ਪ੍ਰਧਾਨ ਰਣਦੀਪ ਸ਼ਰਮਾ, ਟਰਾਂਸਪੋਰਟ ਵਿੰਗ ਜਿਲ੍ਹਾ ਮਾਨਸਾ ਦੇ ਪ੍ਰਧਾਨ ਰਮੇਸ਼ ਸ਼ਰਮਾ ਖਿਆਲਾ, ਇੰਦਰਜੀਤ ਸਿੰਘ ਉੱਭਾ, ਗੁਰਮੀਤ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਦਾ ਭਰਵਾਂ ਸਵਾਗਤ ਕਰਾਂਗੇ।

