ਪੰਜਾਬ ਵਿਜੀਲੈਂਸ ਵੱਲੋਂ ਭਾਣਜੇ ਹਨੀ ਨੂੰ ਉਸ ਸਮੇਂ ਦਿੱਤੀਆਂ VVIP ਸਹੂਲਤਾਂ ਦੀ ਜਾਂਚ ਸ਼ੁਰੂ
ਦੋ ਐਸਕਾਰਟ ਵਾਹਨ ਅਤੇ 18 ਤੋਂ 22 ਕਮਾਂਡੋ ਕਰਵਾਏ ਗਏ ਸਨ ਮੁਹੱਈਆ
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ, 8 ਜੂਨ 2023 : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਜਿੱਥੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਲੱਗ ਰਹੇ ਹਨ, ਉੱਥੇ ਹੀ ਹੁਣ ਉਨ੍ਹਾਂ ‘ਤੇ ਮੁੱਖ ਮੰਤਰੀ ਦੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਵੀ ਦੋਸ਼ ਲੱਗ ਰਹੇ ਹਨ। ਇਹ ਦੋਸ਼ ਉਸ ਦੇ ਭਾਣਜੇ ਭੁਪਿੰਦਰ ਹਨੀ ਨਾਲ ਸਬੰਧਤ ਹਨ।
ਹੁਣ ਪੰਜਾਬ ਵਿਜੀਲੈਂਸ ਨੇ ਹਨੀ ਨੂੰ ਉਸ ਸਮੇਂ ਦਿੱਤੀਆਂ ਵੀਵੀਆਈਪੀ ਸਹੂਲਤਾਂ ਬਾਰੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਡਾਇਰੈਕਟਰ ਨੇ ਡੀਜੀਪੀ ਦਫ਼ਤਰ ਤੋਂ ਹਨੀ ਨੂੰ ਦਿੱਤੀ ਗਈ ਸੁਰੱਖਿਆ, ਉਸ ਦੇ ਨਾਲ ਚੱਲਣ ਵਾਲੇ ਕਮਾਂਡੋਜ਼ ਅਤੇ ਐਸਕਾਰਟ ਜਿਪਸੀਆਂ ਦੇ ਵੇਰਵੇ ਮੰਗੇ ਹਨ। ਉਸ ਨੂੰ ਦੋ ਐਸਕਾਰਟ ਵਾਹਨ ਅਤੇ 18 ਤੋਂ 22 ਕਮਾਂਡੋ ਮੁਹੱਈਆ ਕਰਵਾਏ ਗਏ ਸਨ, ਜੋ 24 ਘੰਟੇ ਉਸ ਦੇ ਨਾਲ ਰਹਿੰਦੇ ਸਨ।ਹਨੀ ਨੂੰ ਸਹੂਲਤਾਂ ਦੇਣ ਦੇ ਹੁਕਮ ਕਿਸਨੇ ਜਾਰੀ ਕੀਤੇ ਅਤੇ ਹਦਾਇਤਾਂ ਕਿੱਥੋਂ ਆਈਆਂ।
ਵਿਜੀਲੈਂਸ ਜਾਂਚ ਕਰ ਰਹੀ ਹੈ ਕਿ ਚੰਨੀ ਦੇ ਭਾਣਜੇ ਨੂੰ ਸੂਬਾ ਸਰਕਾਰ ਵੱਲੋਂ ਕੋਈ ਸੰਵਿਧਾਨਕ ਅਹੁਦਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਉਸ ਨੂੰ ਕਿਸੇ ਕਾਰਪੋਰੇਸ਼ਨ ਜਾਂ ਬੋਰਡ ਦਾ ਚੇਅਰਮੈਨ ਜਾਂ ਕੋਈ ਹੋਰ ਅਹਿਮ ਅਹੁਦਾ ਦਿੱਤਾ ਗਿਆ ਸੀ।ਮੁੱਢਲੀ ਜਾਂਚ ਦੌਰਾਨ ਕਈ ਅਜਿਹੇ ਤੱਥ ਸਾਹਮਣੇ ਆ ਰਹੇ ਹਨ, ਜਿਨ੍ਹਾਂ ‘ਚ ਸਪੱਸ਼ਟ ਹੈ ਕਿ ਉਸ ਨੂੰ ਵਿਸ਼ੇਸ਼ ਸੁਰੱਖਿਆ ਮੁਹੱਈਆ ਕਰਵਾਉਣਾ ਪੰਜਾਬ ਪੁਲਸ ਦੇ ਨਿਯਮਾਂ ਦੀ ਉਲੰਘਣਾ ਹੈ। ਜਾਂਚ ‘ਚ ਸਾਹਮਣੇ ਆਇਆ ਕਿ ਹਨੀ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਆਉਂਦਾ-ਜਾਂਦਾ ਰਹਿੰਦਾ ਸੀ।

