ਬਿਊਰੋ, ਪ੍ਰਾਈਮ ਪੋਸਟ ਪੰਜਾਬ
ਲੁਧਿਆਣਾ, 4 ਜੂਨ 2023 : ਲੁਧਿਆਣਾ ‘ਚ 19 ਸਾਲਾ ਵਿਦਿਆਰਥੀ ਤੋਂ ਤਿੰਨ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਬ੍ਰੇਜ਼ਾ ਗੱਡੀ ਲੁੱਟ ਲਈ। ਇਹ ਵਿਦਿਆਰਥੀ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਟਿਊਸ਼ਨ ਮਾਰਕੀਟ ‘ਚ ਆਈਲੈਟਸ ਦੀ ਕਲਾਸ ਲਗਾਉਣ ਆਇਆ ਸੀ। ਇੱਥੇ ਤਿੰਨ ਬਦਮਾਸ਼ਾਂ ਨੇ ਉਸ ਨੂੰ ਨਿਸ਼ਾਨਾ ਬਣਾਇਆ।ਇਸ ਸਬੰਧੀ ਸੂਚਨਾ ਮਿਲਣ ‘ਤੇ ਥਾਣਾ ਮਾਡਲ ਟਾਊਨ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਇਹ ਬਦਮਾਸ਼ ਬਾਜ਼ਾਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਵੀ ਹੋ ਗਏ ਹਨ। ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪਿੰਡ ਮਨਸੂਰਾਂ ਦੇ ਸਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਵਿਦੇਸ਼ ਜਾਣ ਦਾ ਇੱਛੁਕ ਹੈ। ਇਸ ਦੇ ਲਈ ਉਹ ਆਈਲੈਟਸ ਦੀ ਕੋਚਿੰਗ ਲੈਣ ਲਈ ਟਿਊਸ਼ਨ ਬਾਜ਼ਾਰ ਆਉਂਦਾ ਹੈ। ਉਸ ਨੇ ਦੱਸਿਆ ਕਿ ਉਹ ਬ੍ਰੇਜ਼ਾ ਕਾਰ ਲੈ ਕੇ ਕੋਚਿੰਗ ਲਈ ਪਹੁੰਚਿਆ ਸੀ। ਉਸ ਦੇ ਦੋਸਤ ਵੀ ਉਸ ਦੇ ਨਾਲ ਸਨ।ਇਸ ਦੌਰਾਨ ਉਸ ਦਾ ਇਕ ਦੋਸਤ ਇੰਸਟੀਚਿਊਟ ਦੇ ਅੰਦਰ ਚਲਾ ਗਿਆ, ਜਦਕਿ ਦੂਜਾ ਦੋਸਤ ਬਾਜ਼ਾਰ ਵਿਚ ਸੈਰ ਕਰਨ ਗਿਆ। ਉਹ ਬ੍ਰੇਜ਼ਾ ਗੱਡੀ ਵਿੱਚ ਹੀ ਬੈਠਾ ਰਿਹਾ, ਕਿਉਂਕਿ ਕਲਾਸ ਅਜੇ ਸ਼ੁਰੂ ਨਹੀਂ ਹੋਈ ਸੀ। ਇਸ ਦੌਰਾਨ ਤਿੰਨ ਬਦਮਾਸ਼ ਉਸ ਦੀ ਕਾਰ ਵਿਚ ਦਾਖਲ ਹੋਏ ਅਤੇ ਉਸ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਰੱਖ ਦਿੱਤੇ।ਬਦਮਾਸ਼ਾਂ ਨੇ ਉਸ ਨੂੰ ਬਿਨਾਂ ਅਲਾਰਮ ਵਜਾਏ ਕਾਰ ‘ਚੋਂ ਬਾਹਰ ਨਿਕਲਣ ਦੀ ਧਮਕੀ ਦਿੱਤੀ। ਜਿਵੇਂ ਹੀ ਉਹ ਬਾਹਰ ਨਿਕਲਿਆ ਤਾਂ ਬਦਮਾਸ਼ ਕਾਰ ਲੈ ਕੇ ਭੱਜ ਗਏ। ਸਰਵਿੰਦਰ ਨੇ ਦੱਸਿਆ ਕਿ ਉਸ ਨੇ ਪਿੱਛਾ ਵੀ ਕੀਤਾ ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਏ।ਇਸ ਬਾਰੇ ਏਡੀਸੀਪੀ ਸਿਟੀ-3 ਸਮੀਰ ਵਰਮਾ ਨੇ ਦੱਸਿਆ ਕਿ ਪੁਲੀਸ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਸੀਸੀਟੀਵੀ ਰਿਕਾਰਡਿੰਗ ਦੀ ਜਾਂਚ ਕਰ ਰਹੀ ਹੈ। ਪੁਲਿਸ ਜਲਦ ਹੀ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਵੇਗੀ।

