ਬਿਊਰੋ, ਪ੍ਰਾਈਮ ਪੋਸਟ ਪੰਜਾਬ
ਫਤਹਿਗੜ੍ਹ ਸਾਹਿਬ : ਫਤਿਹਗੜ੍ਹ ਸਾਹਿਬ ਦੇ ਪਿੰਡ ਸੈਦਪੁਰਾ ‘ਚ ਅੱਜ ਦਿਨ ਦਿਹਾੜੇ ਪਿਸਤੌਲ ਦੀ ਨੋਕ ‘ਤੇ ਪੈਟਰੋਲ ਪੰਪ ਦੇ ਕਰਮਚਾਰੀ ਤੋਂ ਕਰੀਬ 40 ਲੱਖ ਰੁਪਏ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰੇ ਗੋਲੀਆਂ ਚਲਾ ਕੇ ਫਰਾਰ ਹੋ ਗਏ।
ਜਾਣਕਾਰੀ ਮੁਤਾਬਕ ਪੈਟਰੋਲ ਪੰਪ ਦੇ ਕਰਮਚਾਰੀ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਸਟੇਟ ਬੈਂਕ ਆਫ ਇੰਡੀਆ ਦੀ ਸਥਾਨਕ ਸ਼ਾਖਾ ‘ਚ ਕਰੀਬ 40 ਲੱਖ ਰੁਪਏ ਦੀ ਨਕਦੀ ਜਮ੍ਹਾ ਕਰਵਾਉਣ ਲਈ ਜਾ ਰਹੇ ਸਨ। ਇਸ ਦੌਰਾਨ ਲੁਟੇਰਿਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਨਕਦੀ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਐਸਐਸਪੀ ਡਾ: ਰਵਜੋਤ ਗਰੇਵਾਲ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ |
ਪੰਪ ਦੇ ਕਰਮਚਾਰੀ ਹਰਮੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਸਵੇਰੇ 10.40 ਵਜੇ ਵਾਪਰੀ। ਉਹ ਪੁਰਾਣੀ ਸਰਹਿੰਦ ਸਥਿਤ SBI ਵਿੱਚ 40 ਲੱਖ 80 ਹਜ਼ਾਰ 146 ਰੁਪਏ ਜਮ੍ਹਾਂ ਕਰਵਾਉਣ ਜਾ ਰਿਹਾ ਸੀ। ਉਹ ਆਪਣੀ ਕਾਰ ਵਿੱਚ ਨਕਦੀ ਲੈ ਕੇ ਰੇਲਵੇ ਪੁਲ ਦੇ ਹੇਠਾਂ ਜਾ ਰਿਹਾ ਸੀ। ਉਦੋਂ ਲੁਟੇਰਿਆਂ ਨੇ ਆਪਣੀ ਕਾਰ ਉਸ ਦੀ ਕਾਰ ਅੱਗੇ ਲਾ ਕੇ ਉਸ ਨੂੰ ਰੋਕ ਲਿਆ ਅਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਸਾਰੇ ਲੁਟੇਰਿਆਂ ਨੇ ਟੋਪੀਆਂ ਪਾਈਆਂ ਹੋਈਆਂ ਸਨ ਅਤੇ ਮੂੰਹ ਢੱਕੇ ਹੋਏ ਸਨ। ਜਦੋਂ ਪੈਟਰੋਲ ਪੰਪ ਦੇ ਸੁਰੱਖਿਆ ਗਾਰਡ ਨੇ ਲੁਟੇਰਿਆਂ ਵੱਲ ਆਪਣੀ ਬੰਦੂਕ ਤਾਣ ਲਈ ਤਾਂ ਉਨ੍ਹਾਂ ਨੇ ਉਸ ਦੀ ਬੰਦੂਕ ਖੋਹ ਕੇ ਨਕਦੀ ਖੋਹ ਲਈ ਅਤੇ ਬੰਦੂਕ ਸੁੱਟ ਕੇ ਭੱਜ ਗਏ।
SSP ਰਵਜੋਤ ਗਰੇਵਾਲ ਨੇ ਦੱਸਿਆ ਕਿ ਭੱਟਮਾਜਰਾ ਨੇੜੇ ਭਾਰਤ ਪੈਟਰੋਲੀਅਮ ਪੰਪ ਤੋਂ ਕੁਝ ਬਦਮਾਸ਼ ਆਈ-20 ਕਾਰ ਵਿੱਚ ਆਏ ਅਤੇ ਪਿਸਤੌਲ ਦਿਖਾ ਕੇ 40 ਲੱਖ ਤੋਂ ਵੱਧ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਪੁਲਸ ਦੀਆਂ ਵੱਖ-ਵੱਖ ਟੀਮਾਂ ਜਾਂਚ ‘ਚ ਜੁਟੀਆਂ ਹੋਈਆਂ ਹਨ।

