ਬਿਊਰੋ, ਪ੍ਰਾਈਮ ਪੋਸਟ ਪੰਜਾਬ
ਫਤਹਿਗੜ੍ਹ ਸਾਹਿਬ : ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਰਸੂਲਪੁਰ ਵਿੱਚ ਜ਼ਮੀਨ ਲਈ 24 ਸਾਲਾ ਪੋਤੇ ਨੇ ਦਾਦੇ ਦਾ ਕਤਲ ਕਰ ਦਿੱਤਾ। ਮੁਲਜ਼ਮ ਦੀ ਪਛਾਣ ਬਲਜੀਤ ਸਿੰਘ ਵਜੋਂ ਹੋਈ ਹੈ। ਡੀਐਸਪੀ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਰਸੂਲਪੁਰ ਦੇ ਵਸਨੀਕ ਜਸਵੰਤ ਸਿੰਘ (62) ਦੇ ਕਤਲ ਦੀ ਸੂਚਨਾ ਮਿਲੀ ਸੀ। ਮ੍ਰਿਤਕ ਦੇ ਪੁੱਤਰ ਮਨਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਿਤਾ ਦਾ ਕਤਲ ਭਤੀਜੇ ਬਲਜੀਤ ਸਿੰਘ ਨੇ ਕੀਤਾ ਹੈ। ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
ਪੁੱਛਗਿੱਛ ਦੌਰਾਨ ਮੁਲਜ਼ਮ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਦਾਦਾ ਜਸਵੰਤ ਸਿੰਘ ਕੋਲ 9 ਏਕੜ ਜ਼ਮੀਨ ਸੀ। ਉਸਨੇ ਆਪਣੇ ਦੋ ਪੁੱਤਰਾਂ ਵਿੱਚ ਤਿੰਨ-ਤਿੰਨ ਏਕੜ ਜ਼ਮੀਨ ਵੰਡ ਲਈ ਸੀ ਅਤੇ ਤਿੰਨ ਏਕੜ ਜ਼ਮੀਨ ਆਪਣੇ ਕੋਲ ਰੱਖ ਲਈ ਸੀ। ਉਸ ਨੂੰ ਪਤਾ ਲੱਗਾ ਕਿ ਉਸਦਾ ਦਾਦਾ ਆਪਣੇ ਹਿੱਸੇ ਦੀ ਤਿੰਨ ਏਕੜ ਜ਼ਮੀਨ ਆਪਣੇ ਦੋ ਪੁੱਤਰਾਂ ਵਿਚਕਾਰ ਬਰਾਬਰ ਵੰਡਣ ਦੀ ਬਜਾਏ ਆਪਣੀ ਇੱਕ ਨੂੰਹ ਦੇ ਨਾਂ ਕਰਵਾਉਣਾ ਚਾਹੁੰਦਾ ਹੈ । ਇਸ ਤੋਂ ਦੁਖੀ ਹੋ ਕੇ ਬਲਜੀਤ ਸਿੰਘ ਨੇ ਪਹਿਲਾਂ ਆਤਮਹੱਤਿਆ ਕਰਨ ਬਾਰੇ ਸੋਚਿਆ, ਪਰ ਫਿਰ ਉਸ ਨੇ ਸੋਚਿਆ ਕਿ ਦਾਦਾ ਮਾਰਿਆ ਜਾਵੇ ਤਾਂ ਜ਼ਮੀਨ ਬਚ ਸਕਦੀ ਹੈ। ਇਸ ਲਈ ਉਸ ਨੇ ਆਪਣੇ ਦਾਦੇ ਨੂੰ ਮਾਰਨ ਦੀ ਯੋਜਨਾ ਬਣਾਈ। ਉਹ ਸਵੇਰੇ ਪੰਜ ਵਜੇ ਖੇਤ ਵਿੱਚ ਲੁਕ ਕੇ ਬੈਠ ਗਿਆ। ਜਦੋਂ ਦਾਦਾ ਜਸਵੰਤ ਸਿੰਘ ਖੇਤ ਵਿੱਚ ਕੰਮ ਕਰਨ ਲਈ ਪਹੁੰਚਿਆ ਤਾਂ ਸਿਰ ਤੇ ਕ੍ਰਿਪਾਨ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ।

