ਬਿਊਰੋ, ਪ੍ਰਾਈਮ ਪੋਸਟ ਪੰਜਾਬ
ਕੋਟਕਪੂਰਾ : ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੇ ਸੂਬੇ ਦੀ ਨੌਜਵਾਨੀ ਨੂੰ ਤਬਾਹ ਕਰ ਦਿੱਤਾ ਹੈ। ਪੰਜਾਬ ਵਿੱਚ ਨਸ਼ਾ ਸਰਾਪ ਬਣਿਆ ਹੋਇਆ ਹੈ। ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਦੀ ਗਿਣਤੀ ਲਗਾਤਰ ਵੱਧ ਰਹੀ ਹੈ। ਇਸ ਦੀ ਤਾਜ਼ਾ ਖ਼ਬਰ ਕੋਟਕਪੂਰਾ ਦੇ ਜਲਾਲੇਆਣਾ ਰੋਡ ’ਤੇ ਸਥਿਤ ਰਿਸ਼ੀ ਨਗਰ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ।
ਉਸ ਦੀ ਮ੍ਰਿਤਕ ਦੇਹ ਕੋਲ ਸਰਿੰਜ ਵੀ ਬਰਾਮਦ ਹੋਈ ਹੈ। ਇਹ ਇਕ ਹਫ਼ਤੇ ਦੌਰਾਨ ਦੂਜੀ ਮੌਤ ਹੈ। ਇਸ ਨੌਜਵਾਨ ਦੀ ਪਛਾਣ 28 ਸਾਲਾ ਗਗਨਦੀਪ ਵਜੋਂ ਹੋਈ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਸ਼ਾ ਕਰਨ ਦਾ ਆਦੀ ਸੀ ਤੇ ਨਸ਼ੇ ਦੇ ਓਵਰਡੋਜ਼ ਕਰ ਕੇ ਉਸ ਦੀ ਮੌਤ ਹੋ ਗਈ।
ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਜਾਣਕਾਰੀ ਅਨੁਸਾਰ ਅੱਜ ਤੜਕੇ ਮੁਹੱਲੇ ਦੇ ਕੁਝ ਲੋਕਾਂ ਨੇ ਇਸ ਨੌਜਵਾਨ ਨੂੰ ਬੇਸੁਧ ਪਏ ਦੇਖਿਆ ਤੇ ਪੁਲਿਸ ਨੂੰ ਸੂਚਨਾ ਦਿੱਤੀ। ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਤੇ ਪੁਲਿਸ ਨਸ਼ਿਆਂ ਨੂੰ ਰੋਕਣ ਲਈ ਯਤਨ ਕਰਨ।
ਨੌਜਵਾਨਾਂ ਦਾ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਣਾ ਚਿੰਤਾ ਦਾ ਵਿਸ਼ਾ ਹੈ। ਜ਼ਰੂਰਤ ਹੈ ਕਿ ਸਰਕਾਰਾਂ ਇਸ ਸਬੰਧੀ ਠੋਸ ਕਦਮ ਚੁੱਕਣ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।

