ਬਿਊਰੋ, ਪ੍ਰਾਈਮ ਪੋਸਟ ਪੰਜਾਬ
Jalandhar bypoll results : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ। ‘ਆਪ’ ਦੇ ਉਮੀਦਵਾਰ ਸੁਸ਼ੀਲ ਰਿੰਕੂ ਕਾਂਗਰਸ ਦੀ ਉਮੀਦਵਾਰ ਕਰਮਜੀਤ ਚੌਧਰੀ ਤੋਂ 57,687 ਵੋਟਾਂ ਨਾਲ ਅੱਗੇ ਹਨ। ਜਿੱਤ ਦਾ ਰਸਮੀ ਐਲਾਨ ਹੋਣਾ ਅਜੇ ਬਾਕੀ ਹੈ। ਵੱਡੀ ਲੀਡ ਨੂੰ ਵੇਖਦਿਆਂ ‘ਆਪ’ ਵਰਕਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ।
ਦੱਸ ਦਈਏ ਕਿ ਕਾਂਗਰਸ ਚਾਰ ਵਾਰ ਇਸ ਸੀਟ ‘ਤੇ ਜਿੱਤ ਹਾਸਲ ਕਰਦੀ ਆ ਰਹੀ ਹੈ। ਕਾਂਗਰਸ ਦੇ ਇਸ ਗੜ੍ਹ ‘ਚ ‘ਆਪ’ ਸ਼ੁਰੂ ਤੋਂ ਹੀ ਅੱਗੇ ਚੱਲ ਰਹੀ ਸੀ। ਜਿੱਤ ਨੂੰ ਦੇਖਦੇ ਹੋਏ ‘ਆਪ’ ਨੇ ਜਲੰਧਰ ‘ਚ ਪ੍ਰੈੱਸ ਕਾਨਫਰੰਸ ਬੁਲਾਈ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਪਹੁੰਚ ਗਏ ਹਨ। ਜਿੱਥੇ ਉਹ ਥੋੜ੍ਹੀ ਦੇਰ ‘ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ। ਸ਼ਾਮ ਨੂੰ ਉਹ ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਦੀ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਕੁੜਮਾਈ ਵਿੱਚ ਸ਼ਾਮਲ ਹੋਣਗੇ।
ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਕਾਂਗਰਸ ਦੇ ਗੜ੍ਹ ਮੰਨੇ ਜਾਣ ਵਾਲੇ ਹਲਕੇ ਵਿੱਚ ਜਿੱਥੇ ਸੱਤਾਧਿਰ ਦਾ ਉਮੀਦਵਾਰ 57 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਰਿਹਾ ਹੈ, ਉੱਥੇ ਹੀ ਪਾਰਟੀ 34.07 ਵੋਟ ਸ਼ੇਅਰ ਨਾਲ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਕਾਂਗਰਸ 27.36 ਫੀਸਦੀ ਵੋਟ ਲੈ ਕੇ ਦੂਜੇ ਸਥਾਨ ‘ਤੇ ਹੈ। ਅਕਾਲੀ-ਬਸਪਾ ਨੂੰ 17.41 ਤੇ ਭਾਜਪਾ ਨੂੰ 15.74 ਫੀਸਦੀ ਵੋਟ ਪਈ ਹੈ।
ਵੋਟਾਂ ਦੀ ਗੱਲ਼ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ 285773 ਵੋਟਾਂ ਮਿਲੀਆਂ। ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 229523, ਭਾਜਪਾ ਦੇ ਇੰਦਰ ਇਕਬਾਲ ਅਟਵਾਲ ਨੂੰ 131983 ਤੇ ਅਕਾਲੀ-ਬਸਪਾ ਉਮੀਦਵਾਰ ਡਾ: ਸੁਖਵਿੰਦਰ ਸੁੱਖੀ ਨੂੰ 146070 ਵੋਟਾਂ ਮਿਲੀਆਂ ਹਨ।

