ਬਿਊਰੋ, ਪ੍ਰਾਈਮ ਪੋਸਟ ਪੰਜਾਬ
ਅੰਮ੍ਰਿਤਸਰ, 11 ਮਈ 2023 :ਅੰਮ੍ਰਿਤਸਰ ‘ਚ ਕਣਕ ਦੇ ਨਾੜ ਨੂੰ ਲਾਈ ਅੱਗ ਨੇ ਬਜ਼ੁਰਗ ਦੀ ਜਾਨ ਲੈ ਲਈ।ਧੂੰਏਂ ਕਾਰਨ ਬਜ਼ੁਰਗ ਮੋਟਰਸਾਈਕਲ ਤੋਂ ਕੰਟਰੋਲ ਗਵਾ ਬੈਠਾ ਅਤੇ ਅੱਗ ਲੱਗੇ ਖੇਤ ਵਿੱਚ ਜਾ ਡਿੱਗਿਆ ਤੇ ਮੋਟਰਸਾਈਕਲ ਸਮੇਤ ਜ਼ਿੰਦਾ ਸੜ ਗਿਆ ਤੇ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਖੇਤ ਮਾਲਕ ਦੇ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਅੰਮ੍ਰਿਤਸਰ ਦੇ ਲੋਪੋਕੇ ਦੀ ਹੈ। ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ ਵਾਸੀ ਪਿੰਡ ਕੋਹਾਲਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਬੁੱਧਵਾਰ ਦੁਪਹਿਰ ਨੂੰ ਵਾਪਰੀ। ਮ੍ਰਿਤਕ ਸੁਖਦੇਵ ਸਿੰਘ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ। ਜਦੋਂ ਉਹ ਲੋਪੋਕੇ ਸਥਿਤ ਸੈਕਰਡ ਹਾਰਟ ਕਾਨਵੈਂਟ ਸਕੂਲ ਨੇੜੇ ਪਹੁੰਚਿਆ ਤਾਂ ਨਾੜ ਨੂੰ ਲਾਈ ਅੱਗ ਦੇ ਧੂੰਏਂ ਕਾਰਨ ਮੋਟਰਸਾਈਕਲ ‘ਤੇ ਕੰਟਰੋਲ ਗੁਆ ਬੈਠਾ। ਉਸਦਾ ਮੋਟਰਸਾਈਕਲ ਪਹਿਲਾਂ ਸੜਕ ਤੋਂ ਉਤਰਿਆ ਅਤੇ ਫਿਰ ਅੱਗ ਲੱਗੇ ਖੇਤ ਵਿੱਚ ਜਾ ਡਿੱਗਿਆ। ਇਸ ਤੋਂ ਪਹਿਲਾਂ ਕਿ ਉਹ ਖੁਦ ਨੂੰ ਸੰਭਾਲ ਪਾਉਂਦਾ, ਅੱਗ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ।

