ਬਿਊਰੋ, ਪ੍ਰਾਈਮ ਪੋਸਟ ਪੰਜਾਬ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸ਼ੁੱਕਰਵਾਰ ਨੂੰ ਵਿਜੀਲੈਂਸ ਬਿਊਰੋ (ਸਟੇਟ ਵਿਜੀਲੈਂਸ ਟੀਮ) ਦੇ ਅਧਿਕਾਰੀਆਂ ਨੇ ਸਾਬਕਾ ਮੁੱਖ ਮੰਤਰੀ ਤੋਂ ਸੱਤ ਘੰਟੇ ਪੁੱਛਗਿੱਛ ਕੀਤੀ। ਚੰਨੀ ਨੇ ਮਾਮਲੇ ਦੀ ਚੱਲ ਰਹੀ ਜਾਂਚ ਨੂੰ ਪੂਰੀ ਤਰ੍ਹਾਂ ਸਿਆਸੀ’ ਕਰਾਰ ਦਿੱਤਾ। ਸ਼ਾਮ ਨੂੰ ਵਿਜੀਲੈਂਸ ਬਿਊਰੋ ਦੇ ਮੁਹਾਲੀ ਦਫ਼ਤਰ ਤੋਂ ਬਾਹਰ ਨਿਕਲਦਿਆਂ ਚੰਨੀ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ (ਆਪ) ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਾਇਆ ਕਿ “ਸਰਕਾਰ ਮੁਗਲਾਂ ਨਾਲੋਂ ਵੀ ਮਾੜਾ ਵਿਵਹਾਰ ਕਰ ਰਹੀ ਹੈ”। ਹਰ ਤਰ੍ਹਾਂ ਨਾਲ ਜ਼ਲੀਲ ਅਤੇ ਬਦਨਾਮ ਕਰਨਾ ਚਾਹੁੰਦੇ ਹਨ। ਮੈਂ ਸਵੇਰ ਦੀ ਪ੍ਰੈਸ ਕਾਨਫਰੰਸ ਵਿੱਚ ਜੋ ਕਿਹਾ, ਮੈਂ ਉਸ ‘ਤੇ ਕਾਇਮ ਹਾਂ। ਉਹ ਜੋ ਵੀ ਕਰਨਾ ਚਾਹੁੰਦੇ ਹਨ, ਕਰ ਸਕਦੇ ਹਨ।
ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਮੈਂ ਹਮੇਸ਼ਾ ਇਮਾਨਦਾਰੀ ਨਾਲ ਕੰਮ ਕੀਤਾ ਹੈ ਅਤੇ ਕਰਦਾ ਰਹਾਂਗਾ।’’ ਇਸ ਤੋਂ ਪਹਿਲਾਂ ਸਵੇਰੇ 11 ਵਜੇ ਦੇ ਕਰੀਬ ਬਿਊਰੋ ਦੇ ਮੁਹਾਲੀ ਦਫ਼ਤਰ ਵਿੱਚ ਜਾ ਕੇ ਕਾਂਗਰਸੀ ਆਗੂ ਚੰਨੀ ਨੇ ਸੂਬਾ ਸਰਕਾਰ ਦੀ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ‘ਬਦਲੇ ਦੀ ਰਾਜਨੀਤੀ’ ਕਰ ਰਹੀ ਹੈ। ਵਿਜੀਲੈਂਸ ਬਿਊਰੋ ਨੇ ਪਹਿਲਾਂ ਚੰਨੀ ਨੂੰ 12 ਅਪ੍ਰੈਲ ਨੂੰ ਪੁੱਛਗਿੱਛ ਲਈ ਹਾਜ਼ਰ ਹੋਣ ਲਈ ਕਿਹਾ ਸੀ, ਪਰ ਬਿਊਰੋ ਨੇ ਵੱਖਰੀ ਤਰੀਕ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਅਤੇ ਉਸ ਨੂੰ 20 ਅਪ੍ਰੈਲ ਨੂੰ ਆਪਣੇ ਮੁਹਾਲੀ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਕਿਹਾ। ਬਾਅਦ ਵਿੱਚ ਬਿਊਰੋ ਨੇ ਚੰਨੀ ਨੂੰ 14 ਅਪ੍ਰੈਲ ਨੂੰ ਤਲਬ ਕਰਨ ਦਾ ਫੈਸਲਾ ਕੀਤਾ।
ਬਿਊਰੋ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਚੰਨੀ ‘ਤੇ ਲੱਗੇ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ। ਪਿਛਲੇ ਮਹੀਨੇ, ਬਿਊਰੋ ਨੇ ਸਾਬਕਾ ਮੁੱਖ ਮੰਤਰੀ ਵਿਰੁੱਧ ‘ਲੁੱਕਆਊਟ ਸਰਕੂਲਰ’ ਜਾਰੀ ਕੀਤਾ ਸੀ। ਬਿਊਰੋ ਦਫਤਰ ਵਿੱਚ ਦਾਖਲ ਹੋਣ ਤੋਂ ਪਹਿਲਾਂ, ਚੰਨੀ ਨੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਦੋਸ਼ਾਂ ਨੂੰ ਖਾਰਜ ਕੀਤਾ ਅਤੇ ਕਿਹਾ, “ਜਾਂਚ ਪੂਰੀ ਤਰ੍ਹਾਂ ਸਿਆਸੀ ਹੈ। ਉਨ੍ਹਾਂ ਨੂੰ ਉਹ ਕਰਨ ਦਿਓ ਜੋ ਉਹ ਕਰਨਾ ਚਾਹੁੰਦੇ ਹਨ।” ਇਕ ਪ੍ਰੈੱਸ ਕਾਨਫਰੰਸ ‘ਚ ‘ਆਪ’ ਦੀ ਅਗਵਾਈ ਵਾਲੀ ਸਰਕਾਰ ‘ਤੇ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ, ”ਉਹ ਮੈਨੂੰ ਗ੍ਰਿਫਤਾਰ ਕਰ ਸਕਦੇ ਹਨ, ਮੈਨੂੰ ਤਸੀਹੇ ਦੇ ਸਕਦੇ ਹਨ। ਉਹ ਮੈਨੂੰ ਮਾਰ ਵੀ ਸਕਦੇ ਹਨ, ਪਰ ਮੈਂ ਤਿਆਰ ਹਾਂ।”
ਸਾਬਕਾ ਮੁੱਖ ਮੰਤਰੀ ਨੇ ਅੱਖਾਂ ਵਿੱਚ ਹੰਝੂ ਲੈ ਕੇ ਕਿਹਾ, ‘‘ਜੇਕਰ ਇੱਕ ਵੀ ਵਿਅਕਤੀ ਇਹ ਕਹੇ ਕਿ ਚੰਨੀ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੈ ਤਾਂ ਮੈਨੂੰ ਫਾਂਸੀ ਦੇ ਦਿਓ।’’ ਚੰਨੀ ਨੇ ਕਿਹਾ ਕਿ ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਉਨ੍ਹਾਂ ਨੇ ਕਈ ਮੁੱਦੇ ਉਠਾਏ ਹਨ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਦਲਿਤਾਂ ਦੇ ਮੁੱਦੇ, ‘ਅਕਾਲ ਤਖ਼ਤ ਦੇ ਜਥੇਦਾਰ ਬਾਰੇ ਮੁੱਖ ਮੰਤਰੀ ਨੇ ਕੀ ਕਿਹਾ’, ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਅਤੇ ਕਿਸਾਨਾਂ ਦੇ ਮੁੱਦਿਆਂ ਸਮੇਤ ਉਨ੍ਹਾਂ ਵੱਲੋਂ ਉਠਾਏ ਮੁੱਦਿਆਂ ਤੋਂ ਡਰੀ ਹੋਈ ਹੈ। ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਾਇਆ, “ਅਤੇ ਜਦੋਂ ਕੋਈ ਸੱਚ ਬੋਲਦਾ ਹੈ, ਤਾਂ ਇਹ ਝੂਠਿਆਂ ਦੇ ਚੁੱਭਦਾ ਹੈ। ‘ਆਪ’ ਸਰਕਾਰ ਨਾਲ ਵੀ ਅਜਿਹਾ ਹੀ ਹੋਇਆ ਹੈ।”

