ਬਿਊਰੋ, ਪ੍ਰਾਈਮ ਪੋਸਟ ਪੰਜਾਬ
ਲੁਧਿਆਣਾ, 14 ਅਪ੍ਰੈਲ, 2023 : ਲੁਧਿਆਣਾ ‘ਚ ਇਕ ਕਾਰ ਚਾਲਕ ਨੇ ਟ੍ਰੈਫਿਕ ਪੁਲਸ ਮੁਲਾਜ਼ਮ ਨਾਲ ਬਦਸਲੂਕੀ ਕੀਤੀ। ਨੌਜਵਾਨ ਨੇ ਟ੍ਰੈਫਿਕ ਪੁਲਸ ਮੁਲਾਜ਼ਮ ਨੂੰ ਬੋਨਟ ‘ਤੇ ਘਸੀਟਿਆ ਅਤੇ ਜ਼ੋਰਦਾਰ ਕੱਟ ਮਾਰਕੇ ਡੇਗ ਦਿੱਤਾ। ਟਰੈਫਿਕ ਪੁਲੀਸ ਮੁਲਾਜ਼ਮ ਨੇ ਨੌਜਵਾਨਾਂ ਨੂੰ ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਨ ਤੋਂ ਰੋਕਿਆ ਸੀ।ਇਸ ਤੋਂ ਗੁੱਸੇ ‘ਚ ਆ ਕੇ ਨੌਜਵਾਨ ਨੇ ਉਸ ਨਾਲ ਬਦਤਮੀਜ਼ੀ ਕੀਤੀ।ਘਟਨਾ ਮਾਤਾ ਰਾਣੀ ਚੌਕ ਦੀ ਹੈ।ਜਾਣਕਾਰੀ ਅਨੁਸਾਰ ਡਿਊਟੀ ‘ਤੇ ਮੌਜੂਦ ਟਰੈਫਿਕ ਹੈੱਡ ਕਾਂਸਟੇਬਲ ਹਰਦੀਪ ਸਿੰਘ ਨੇ ਘੰਟਾ ਘਰ ਚੌਕ ਵਾਲੇ ਪਾਸੇ ਤੋਂ ਆ ਰਹੇ ਇਕ ਕਾਰ ਚਾਲਕ ਨੂੰ ਮੋਬਾਈਲ ਫੋਨ ਦੀ ਵਰਤੋਂ ਕਰਦਿਆਂ ਦੇਖਿਆ ਤਾਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ।ਡਰਾਈਵਰ ਨੇ ਰੁਕਣ ਦੀ ਬਜਾਏ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਅਚਾਨਕ ਹਰਦੀਪ ਕਾਰ ਦੇ ਬੋਨਟ ਦੇ ਸਾਹਮਣੇ ਆ ਗਿਆ ਤਾਂ ਨੌਜਵਾਨ ਨੇ ਕਾਰ ਤੇਜ਼ ਕਰ ਦਿੱਤੀ ਤੇ ਟਰੈਫਿਕ ਪੁਲਿਸ ਮੁਲਾਜ਼ਮ ਨੂੰ ਬੋਨਟ ‘ਤੇ ਡੇਗ ਕੇ ਲੈ ਗਿਆ। ਹਰਦੀਪ ਰੌਲਾ ਪਾਉਂਦਾ ਰਿਹਾ ਪਰ ਡਰਾਈਵਰ ਉਸ ਨੂੰ ਕਰੀਬ 1 ਕਿਲੋਮੀਟਰ ਤੱਕ ਬੋਨਟ ‘ਤੇ ਬਿਠਾ ਕੇ ਛਾਉਣੀ ਮੁਹੱਲਾ, ਮੰਨਾ ਸਿੰਘ ਨਗਰ ਆਦਿ ਇਲਾਕਿਆਂ ‘ਚ ਘੁੰਮਾਉਦਾ ਰਿਹਾ।ਕਾਰ ਚਾਲਕ ਨੇ ਰਸਤੇ ਵਿੱਚ ਜ਼ੋਰਦਾਰ ਕੱਟ ਮਾਰ ਕੇ ਹਰਦੀਪ ਨੂੰ ਹੇਠਾਂ ਸੁੱਟ ਦਿੱਤਾ।
ਇਸ ਘਟਨਾ ਵਿੱਚ ਹਰਦੀਪ ਦੇ ਕਾਫੀ ਸੱਟਾਂ ਲੱਗੀਆਂ ਹਨ। ਉਸ ਦੀ ਵਰਦੀ ਵੀ ਫਟ ਗਈ। ਹਰਦੀਪ ਦਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ। ਟ੍ਰੈਫਿਕ ਪੁਲਸ ਅਤੇ ਸਥਾਨਕ ਥਾਣਾ ਪੁਲਸ ਨੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਕਢਵਾ ਕੇ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਪੁਲੀਸ ਮੁਲਾਜ਼ਮਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

