ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (PSTET) ਦੁਬਾਰਾ ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਪ੍ਰੀਖਿਆ ਹੁਣ 30 ਅਪ੍ਰੈਲ ਨੂੰ ਸਵੇਰੇ 10.30 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ। ਹਾਲਾਂਕਿ ਇਸ ਵਾਰ ਪ੍ਰੀਖਿਆ ਲਈ ਕੋਈ ਵੱਖਰੀ ਫੀਸ ਨਹੀਂ ਦੇਣੀ ਪਵੇਗੀ। ਧਿਆਨ ਯੋਗ ਹੈ ਕਿ ਪਿਛਲੇ ਦਿਨੀਂ ਹੋਈ ਪੀਐਸਟੀਈਟੀ ਪ੍ਰੀਖਿਆ ਬੇਨਿਯਮੀਆਂ ਕਾਰਨ ਰੱਦ ਕਰ ਦਿੱਤੀ ਗਈ ਸੀ।
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ PSTET ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ ਅਤੇ ਨਾਲ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐਨਡੀ) ਅੰਮ੍ਰਿਤਸਰ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋ. ਹਰਦੀਪ ਸਿੰਘ ਅਤੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਦੇ ਪ੍ਰੋ. ਡਾ: ਰਵਿੰਦਰ ਸਿੰਘ ਸਾਹਨੀ ਨੂੰ ਮੁਅੱਤਲ ਕਰ ਦਿੱਤਾ ਗਿਆ। ਜਦਕਿ ਸੀ.ਐਮ ਮਾਨ ਨੇ ਲਾਪ੍ਰਵਾਹੀ ਅਤੇ ਕੁਤਾਹੀ ਨੂੰ ਬਰਦਾਸ਼ਤ ਨਾ ਕਰਦੇ ਹੋਏ ਜਿੰਮੇਵਾਰਾਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਸਨ। ਪ੍ਰੀਖਿਆ ਦੀ ਜ਼ਿੰਮੇਵਾਰੀ ਜੀਐਨਡੀ ਯੂਨੀਵਰਸਿਟੀ ਨੂੰ ਸੌਂਪੀ ਗਈ ਸੀ।
ਪੀਐਸਟੀਈਟੀ ਪ੍ਰੀਖਿਆ-2 ਦੀ ਸੋਸ਼ਲ ਸਟੱਡੀਜ਼ ਵਿਸ਼ੇ ਦੀ ਪ੍ਰੀਖਿਆ ਲਈ ਲਗਭਗ ਇੱਕ ਲੱਖ ਉਮੀਦਵਾਰਾਂ ਨੇ ਅਪੀਅਰ ਕੀਤਾ ਸੀ। ਪਰ ਪੇਪਰ ਵਿੱਚ 60 ਵਿੱਚੋਂ 57 ਪ੍ਰਸ਼ਨਾਂ ਲਈ, ਚਾਰ ਵਿਕਲਪਾਂ ਵਿੱਚੋਂ ਇੱਕ ਨੂੰ ਹਾਈਲਾਈਟ ਕੀਤਾ ਗਿਆ ਸੀ। ਟੈਸਟ ਵਿੱਚ, ਹਾਈਲਾਈਟ ਕੀਤੇ ਵਿਕਲਪਾਂ ਵਿੱਚੋਂ 60 ਪ੍ਰਤੀਸ਼ਤ ਸਹੀ ਪਾਏ ਗਏ। ਇਸ ਤੋਂ ਇਲਾਵਾ ਪੇਪਰ ਵਿੱਚ ਕਈ ਸ਼ਬਦ ਅਤੇ ਹੋਰ ਗਲਤੀਆਂ ਸਨ। ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ ਵੱਲੋਂ ਜੀਐਨਡੀਯੂ ਨੂੰ ਪ੍ਰੀਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

