ਸੰਜੀਵ ਜਿੰਦਲ
ਮਾਨਸਾ, 25 ਮਾਰਚ 2023 : ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅਤੇ ਸੀ ਪੀ ਆਈ(ਐੱਮ ਐੱਲ) ਲਿਬਰੇਸ਼ਨ ਦੇ ਜਿਲ੍ਹਾ ਕਮੇਟੀ ਮੈਂਬਰ ਸੁਖਜੀਤ ਰਾਮਾਨੰਦੀ ਨੇ ਕਿਹਾ ਕਿ ਪਿਛਲੇ ਦਿਨੀ ਹਰਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਰਾਏਪੁਰ ਜੋ ਕਿ ਪਵਨ ਕੁਮਾਰ ਪੁੱਤਰ ਨੰਤ ਰਾਮ ਰਾਏਪੁਰ ਦੀ ਦੁਕਾਨ ਉੱਪਰ ਮਾਨਸਾ ਕੰਮ ਕਰਦਾ ਸੀ, ਇੱਕ ਦਿਨ ਸ਼ਾਮ ਨੂੰ ਪਵਨ ਕੁਮਾਰ ਵੱਲੋਂ ਹਰਪ੍ਰੀਤ ਸਿੰਘ ਨੂੰ ਆਪਣਾ ਨਿੱਜੀ ਕੰਮ ਭੇਜਣ ਦਰਮਿਆਨ ਦੁਕਾਨ ਤੇ ਵਾਪਸ ਆਉਂਦੇ ਸਮੇਂ ਦੁਰਘਟਨਾ ਹੋਣ ਕਰਕੇ ਹਰਪ੍ਰੀਤ ਸਿੰਘ ਦੀ ਇੱਕ ਲੱਤ ਕੱਟੀ ਗਈ ਹੈ ਅਤੇ ਪਵਨ ਕੁਮਾਰ ਪੁੱਤਰ ਨੰਤ ਰਾਮ ਵੱਲੋਂ ਹਰਪ੍ਰੀਤ ਸਿੰਘ ਦੀ ਕੋਈ ਸਹਾਇਤਾ ਨਹੀਂ ਕੀਤੀ ਗਈ ਅਤੇ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨ ਤੇ ਵੀ ਕੋਈ ਸੁਣਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਆਪਣੇ ਆਪ ਨੂੰ ਆਮ ਲੋਕਾਂ ਦੀ ਪਾਰਟੀ ਅਖਵਾਉਣ ਵਾਲੀ ਸਰਕਾਰ ਦੇ ਰਾਜ ਵਿੱਚ ਕਿਰਤੀਆਂ ਦੀ ਸੁਣਵਾਈ ਨਾ ਹੋਣ ਤੇ ਸਰਕਾਰ ਵੱਲੋਂ ਕਿਰਤੀਆਂ ਨਾਲ ਕੀਤੇ ਵਾਅਦੇ ਖੋਖਲੇ ਸਾਬਿਤ ਹੋ ਰਹੇ ਹਨ ਅਤੇ ਆਮ ਲੋਕਾਂ ਦੇ ਚੁੱਲ੍ਹਿਆਂ ਦੀ ਅੱਗ ਠੰਢੀ ਹੋ ਰਹੀ ਹੈ। ਮੌਜੂਦਾ ਸਰਕਾਰ ਕਿਰਤੀਆਂ ਪ੍ਰਤੀ ਬਜਟ ਵਿੱਚ ਕਟੌਤੀ ਕਰਕੇ ਦੂਸਰੀਆਂ ਸਰਕਾਰਾਂ ਵਾਂਗ ਸ਼ਰਮਾਏਦਾਰੀ ਦੇ ਹੱਕ ਵਿੱਚ ਭੁਗਤ ਰਹੀ ਹੈ ਅਤੇ ਕਿਰਤੀਆਂ ਦੇ ਹੱਕਾਂ ਉੱਪਰ ਡਾਕੇ ਮਾਰ ਰਹੀ ਹੈ ਜੋ ਕਿ ਕਿਰਤੀ ਜਮਾਤ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪਵਨ ਕੁਮਾਰ ਪੁੱਤਰ ਨੰਤ ਰਾਮ ਉੱਪਰ ਬਣਦੀ ਕਾਨੂੰਨੀ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਪਿੰਡ ਰਾਏਪੁਰ ਦੇ ਕਿਰਤੀਆਂ ਵੱਲੋਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਸੀ ਪੀ ਆਈ(ਐੱਮ ਐੱਲ) ਲਿਬਰੇਸ਼ਨ ਦੀ ਅਗਵਾਈ ਵਿੱਚ 31 ਮਾਰਚ 2023 ਨੂੰ ਪਵਨ ਕੁਮਾਰ ਪੁੱਤਰ ਨੰਤ ਰਾਮ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ। ਉਹਨਾਂ ਮੰਗ ਕੀਤੀ ਕਿ ਹਰਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਰਾਏਪੁਰ ਨੂੰ ਇਨਸਾਫ਼ ਦਿੱਤਾ ਜਾਵੇ। ਦਲਿਤਾਂ ਤੇ ਹੋ ਰਹੇ ਅੱਤਿਆਚਾਰਾਂ ਨੂੰ ਨਕੇਲ ਪਾਈ ਜਾਵੇ।
ਇਸ ਮੌਕੇ ਇਕਬਾਲ ਸਿੰਘ ਰਾਏਪੁਰ,ਜਸਵੀਰ ਸਿੰਘ ਰਾਏਪੁਰ, ਬਿੰਦਰ ਕੌਰ ਰਾਏਪੁਰ ਅਤੇ ਮਨਜੀਤ ਕੌਰ ਰਾਏਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਕਮੇਟੀ ਮੈਂਬਰ ਹਾਜਰ ਸਨ।

