ਬਿਊਰੋ, ਪ੍ਰਾਈਮ ਪੋਸਟ ਪੰਜਾਬ
ਪੰਜਾਬ ਵਿਧਾਨ ਸਭਾ ਵਿੱਚ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਬਜਟ ਨੂੰ ਵਿਰੋਧੀ ਪਾਰਟੀਆਂ ਨੇ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਜਿੱਥੇ ‘ਆਪ’ ਆਗੂਆਂ ਨੇ ਬਜਟ ਨੂੰ ਸਰਵੋਤਮ ਕਰਾਰ ਦਿੱਤਾ ਹੈ। ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂਆਂ ਨੇ ਬਜਟ ਨੂੰ ਆਮ ਲੋਕਾਂ ਨਾਲ ਧੋਖਾ ਕਰਾਰ ਦਿੱਤਾ ਹੈ। ਬਜਟ ਨੂੰ ‘ਮੁੰਗੇਰੀ ਲਾਲ ਦਾ ਹਸੀਨ ਸਪਨਾ’ ਦੱਸਦਿਆਂ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਕਿਹਾ ਹੈ ਕਿ ਬਜਟ ਤੋਂ ਹਰ ਵਰਗ ਨਿਰਾਸ਼ ਹੋਇਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਫ਼ਕਰ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਠੀਕ ਇੱਕ ਸਾਲ ਬਾਅਦ ਇਹ ਟੈਕਸ ਮੁਕਤ ਬਜਟ ਪੇਸ਼ ਕੀਤਾ ਗਿਆ ਹੈ। ਇਹ ਬਜਟ ਸੂਬੇ ਵਿੱਚ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾ ਕੇ ਆਮ ਲੋਕਾਂ ਦੀ ਤਕਦੀਰ ਬਦਲ ਦੇਵੇਗਾ। ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਲਈ ਨਕਸ਼ਾ ਪੇਸ਼ ਕੀਤਾ ਗਿਆ ਹੈ। ਇਹ ਬਜਟ ਹਰ ਖੇਤਰ ਵਿੱਚ ਵਿਕਾਸ ਨੂੰ ਹੁਲਾਰਾ ਦੇਵੇਗਾ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਏਗਾ।
ਔਰਤਾਂ ਨਾਲ ਸਭ ਤੋਂ ਵੱਡੀ ਠੱਗੀ :
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ‘ਆਪ’ ਸਰਕਾਰ ਦਾ ਬਜਟ ਪੂਰੀ ਤਰ੍ਹਾਂ ਖੋਖਲਾ ਹੈ। ਇਸ ਨਾਲ ਆਮ ਲੋਕਾਂ ਨੂੰ ਕੁਝ ਵੀ ਹਾਸਲ ਨਹੀਂ ਹੋਇਆ ਹੈ। ਇਸ ਸਰਕਾਰ ਨੇ ਔਰਤਾਂ ਨਾਲ ਸਭ ਤੋਂ ਵੱਡਾ ਧੋਖਾ ਕੀਤਾ ਹੈ। ਸਰਕਾਰ ਬਣਨ ਤੋਂ ਪਹਿਲਾਂ 1000 ਰੁਪਏ ਮਹੀਨਾ ਦੇਣ ਦਾ ਪੱਕਾ ਵਾਅਦਾ ਕੀਤਾ ਸੀ। ਇੱਕ ਸਾਲ ਹੋ ਗਿਆ ਹੈ ਪਰ ਇਸ ਸਕੀਮ ਬਾਰੇ ਕੁਝ ਪਤਾ ਨਹੀਂ ਲੱਗਾ। ਰੁਜ਼ਗਾਰ ਦੀ ਗੱਲ ਵੀ ਹਵਾ ਵਿਚ ਹੈ। ਪੰਜਾਬ ਦੇ ਲੋਕਾਂ ਨੂੰ ਸਿਰਫ ਗੁੰਮਰਾਹ ਕੀਤਾ ਜਾ ਰਿਹਾ ਹੈ।
ਸਰਕਾਰ ਨੇ ਆਮ ਲੋਕਾਂ ਨਾਲ ਕੀਤਾ ਧੋਖਾ : ਰਾਜਾ ਵੜਿੰਗ
ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ‘ਆਪ’ ਸਰਕਾਰ ਦੇ ਬਜਟ ਵਿੱਚ ਸਭ ਕੁਝ ਤੋੜ ਮਰੋੜ ਕੇ ਸਭ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭੈਣਾਂ ਅਤੇ ਧੀਆਂ 1000 ਰੁਪਏ ਦੀ ਉਡੀਕ ਕਰ ਰਹੀਆਂ ਸਨ, ਜਿਸ ‘ਤੇ ਸਰਕਾਰ ਨੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਦਲਾਅ ਦੀ ਗੱਲ ਕਰਕੇ ‘ਆਪ’ ਸਰਕਾਰ ਨੇ ਬਜਟ ਦੇ ਨਾਂ ‘ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ‘ਆਪ’ ਸਰਕਾਰ ਦਾ ਇਹ ਦੂਜਾ ਬਜਟ ਹੈ ਜਿਸ ਵਿੱਚ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਗਈਆਂ ਹਨ। ਸਰਕਾਰ ਨੂੰ ਪੂਰਾ ਸਾਲ ਹੋ ਗਿਆ, ਫਿਰ ਵੀ ਇਹ ਬਜਟ ਫਲਾਪ ਸ਼ੋਅ ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਬਜਟ ਵਿੱਚ ਲੋਕਾਂ ਲਈ ਕੁਝ ਨਹੀਂ ਲਿਆ ਸਕੀ ਤਾਂ ਇਹ ਸਰਕਾਰ ਦੀ ਵੱਡੀ ਨਾਕਾਮੀ ਹੈ।
ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰੀ : ਬਾਜਵਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ‘ਆਪ’ ਸਰਕਾਰ ਦੇ ਬਜਟ ‘ਤੇ ਹਰ ਵਰਗ ਦੀ ਨਜ਼ਰ ਸੀ ਕਿ ਸਾਡੇ ਲਈ ਕੁਝ ਚੰਗਾ ਆਵੇਗਾ ਪਰ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰ ਸਕੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਅਨੁਸਾਰ ਨਾ ਤਾਂ ਔਰਤਾਂ ਨੂੰ 1000 ਰੁਪਏ ਦਿੱਤੇ ਗਏ ਅਤੇ ਨਾ ਹੀ ਕਿਸਾਨਾਂ ਲਈ ਕੋਈ ਵੱਡਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ ਅਤੇ ਇਹ ਬਜਟ ‘ਮੁੰਗੇਰੀ ਲਾਲ ਕੇ ਹਸੀਨ ਸਪਨੇ‘ ਤੋਂ ਵੱਧ ਕੁਝ ਨਹੀਂ ਹੈ।
ਬਜਟ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਸਕਦਾ
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਬਜਟ ਗੱਲਾਂ ਵਿੱਚ ਲੰਮਾ ਅਤੇ ਕਾਰਜ ਵਿੱਚ ਛੋਟਾ ਹੈ। ਇਸ ਬਜਟ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਸਕਦਾ। ਪੰਜਾਬੀ ਲੋਕ ਇੰਨੇ ਮੂਰਖ ਨਹੀਂ ਹਨ ਕਿ ਉਨ੍ਹਾਂ ਨੂੰ ਆਪਣੇ ਨਫੇ-ਨੁਕਸਾਨ ਦਾ ਪਤਾ ਨਾ ਲੱਗੇ। ਚੰਗੀ ਗੱਲ ਹੈ ਕਿ ਇਸ ਨੂੰ ਜਲਦੀ ਸਮਝ ਜਾਣਗੇ l ਬਜਟ ਵਿੱਚ ਭਰੋਸੇਯੋਗਤਾ ਅਤੇ ਪਾਰਦਰਸ਼ਤਾ ਦੀ ਵੱਡੀ ਘਾਟ ਸੀ। ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਜਿਸ ‘ਤੇ ਪੰਜਾਬ ਦੇ ਲੋਕ ਮਾਣ ਕਰ ਸਕਣ।
ਨਾ ਤਾਂ ਲੋਕਾਂ ਨੂੰ ਕੁਝ ਮਿਲਿਆ, ਨਾ ਹੀ ਸਰਕਾਰ ਮਾਲੀਆ ਵਧਾ ਸਕੀ : ਖਹਿਰਾ
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਜਟ ‘ਤੇ ਕਿਹਾ ਕਿ ਜਦੋਂ ਬਜਟ ਦੇ ਅੰਕੜੇ ਸਾਹਮਣੇ ਆਏ ਤਾਂ ਪਤਾ ਲੱਗਾ ਕਿ ‘ਆਪ’ ਸਰਕਾਰ ਦਾ ਬਜਟ ਮਹਿਜ਼ ਖਾਲੀ ਲਿਫਾਫਾ ਹੈ। ਉਨ੍ਹਾਂ ਕਿਹਾ ਕਿ ਵੱਡੀਆਂ ਗਾਰੰਟੀਆਂ ਦੇਣ ਵਾਲੇ ਆਪਣੇ ਵਾਅਦਿਆਂ ਤੋਂ ਪਿੱਛੇ ਹਟ ਗਏ ਹਨ। ਨਾ ਤਾਂ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਹੋਇਆ ਅਤੇ ਨਾ ਹੀ ਪੰਜਾਬ ਦੇ ਵਿਕਾਸ ਲਈ ਮਾਲੀਆ ਇਕੱਠਾ ਕੀਤਾ ਜਾ ਸਕਿਆ। ਉਨ੍ਹਾਂ ਕਿਹਾ ਕਿ ਆਪ ਦੇ ਨੇਤਾਵਾਂ ਨੂੰ ਉਨ੍ਹਾਂ ਸ਼ਬਦਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਿਆਂ ਦੇ ਰੂਪ ਵਿੱਚ ਕਹੇ ਸਨ। ਖਹਿਰਾ ਨੇ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਜੇਕਰ ਮਾਈਨਿੰਗ ਤੋਂ ਸਾਲਾਨਾ ਆਮਦਨ 20,000 ਕਰੋੜ ਰੁਪਏ ਨਾ ਹੋਈ ਤਾਂ ਉਹ ਅਸਤੀਫਾ ਦੇ ਦੇਣਗੇ। ਉਨ੍ਹਾਂ ਕਿਹਾ ਕਿ ਇੱਕ ਸਾਲ ਵਿੱਚ ਸਰਕਾਰ ਦਾਅਵਿਆਂ ਅਨੁਸਾਰ ਮਾਲੀਆ ਇਕੱਠਾ ਨਹੀਂ ਕਰ ਸਕੀ।

