ਬਿਊਰੋ, ਪ੍ਰਾਈਮ ਪੋਸਟ ਪੰਜਾਬ
ਤਲਵੰਡੀ ਭਾਈ : ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਨੇੜੇ ਵਾਪਰੇ ਦਰਦਨਾਕ ਹਾਦਸੇ ‘ਚ ਚੱਲਦੀ ਕਾਰ ‘ਚ ਅਚਾਨਕ ਅੱਗ ਲੱਗ ਜਾਣ ਕਾਰਨ ਚਾਰ ਸਾਲਾ ਬੱਚੀ ਜ਼ਿੰਦਾ ਸੜ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਪਿੰਡ ਕਲੇਰ ਜ਼ਿਲ੍ਹਾ ਫ਼ਰੀਦਕੋਟ ਆਪਣੀ ਪਤਨੀ, ਤਿੰਨ ਧੀਆਂ ਅਤੇ ਇੱਕ ਪੁੱਤਰ ਸਮੇਤ ਆਪਣੀ ਸਵਿਫ਼ਟ ਕਾਰ ਵਿੱਚ ਧਰਮਕੋਟ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ ਗਿਆ ਹੋਇਆ ਸੀ। ਉਥੋਂ ਵਾਪਸ ਆਉਂਦੇ ਸਮੇਂ ਤਲਵੰਡੀ ਭਾਈ ਫਰੀਦਕੋਟ ਅਤੇ ਪਿੰਡ ਕੋਟ ਕਰੋੜ ਕੋਲ ਉਨ੍ਹਾਂ ਦੀ ਕਾਰ ਅਚਾਨਕ ਖਰਾਬ ਹੋ ਗਈ। ਜਿਵੇਂ ਹੀ ਉਹ ਆਪਣੀ ਕਾਰ ਸੜਕ ਕਿਨਾਰੇ ਪਾਰਕ ਕਰਕੇ ਬਾਹਰ ਨਿਕਲਿਆ ਤਾਂ ਅਚਾਨਕ ਕਾਰ ਨੂੰ ਅੱਗ ਲੱਗ ਗਈ। ਉਸ ਵਿੱਚ ਉਸ ਦੀ ਪਤਨੀ ਅਤੇ ਦੋ ਲੜਕੀਆਂ ਬੈਠੀਆਂ ਸਨ। ਅੱਗ ਲੱਗਣ ਦੌਰਾਨ ਕਾਰ ਦੀ ਪਿਛਲੀ ਸੀਟ ‘ਤੇ ਬੈਠੀ ਪਤਨੀ, ਦੋ ਧੀਆਂ ਅਤੇ ਪੁੱਤਰ ਤਾਂ ਬਾਹਰ ਆ ਗਏ ਪਰ ਕਾਰ ਦਾ ਸ਼ੀਸ਼ਾ ਜਾਮ ਹੋਣ ਕਾਰਨ ਕਾਰ ਦੀ ਅਗਲੀ ਸੀਟ ‘ਤੇ ਬੈਠੀ ਚਾਰ ਸਾਲਾ ਮਾਸੂਮ ਤਰਨਵੀਰ ਉਰਫ਼ ਤਨੂ ਬਾਹਰ ਨਹੀਂ ਨਿਕਲ ਸਕੀ। ਕਿਸੇ ਤਰ੍ਹਾਂ ਉਸ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

