ਬਿਊਰੋ, ਪ੍ਰਾਈਮ ਪੋਸਟ ਪੰਜਾਬ
ਹੁਸ਼ਿਆਰਪੁਰ ਦੇ ਟਾਂਡਾ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ 21 ਸਾਲਾ ਲੜਕੀ ਅਤੇ ਇੱਕ ਛੇ ਸਾਲਾ ਬੱਚੇ ਦੀ ਮੌਤ ਹੋ ਗਈ। ਇਹ ਹਾਦਸਾ ਟਾਂਡਾ ਦੇ ਪੁਲ ਪੁਖਤਾ ਨੇੜੇ ਉਸ ਸਮੇਂ ਵਾਪਰਿਆ ਜਦੋਂ ਪ੍ਰਭਜੀਤ ਕੌਰ ਆਪਣੇ ਦੋ ਬੱਚਿਆਂ ਨਾਲ ਸਕੂਟੀ ‘ਤੇ ਜਾ ਰਹੀ ਸੀ। ਇਸ ਦੌਰਾਨ ਉਸ ਦਾ ਪਿੱਛਾ ਕਰ ਰਹੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸ ਦਾ ਪਰਸ ਖੋਹ ਲਿਆ। ਝਗੜੇ ਦੌਰਾਨ ਧੱਕਾ ਲੱਗਣ ਕਾਰਨ ਪ੍ਰਭਜੀਤ ਕੌਰ ਦੀ ਸਕੂਟੀ ਬੇਕਾਬੂ ਹੋ ਕੇ ਡਿੱਗ ਪਈ। ਹਾਦਸੇ ‘ਚ ਪ੍ਰਭਜੀਤ ਦੇ ਸਿਰ ‘ਤੇ ਸੱਟ ਲੱਗ ਗਈ ਜਦਕਿ ਪਿੱਛੇ ਬੈਠਾ ਉਸ ਦਾ ਲੜਕਾ ਗੁਰਬੇਜ ਸਿੰਘ (6) ਅਤੇ ਰਿਸ਼ਤੇਦਾਰ ਗਗਨਦੀਪ ਕੌਰ (21) ਸੜਕ ‘ਤੇ ਡਿੱਗ ਪਏ ਅਤੇ ਪਿੱਛੇ ਤੋਂ ਆ ਰਹੀ ਟਰੈਕਟਰ ਟਰਾਲੀ ਹੇਠਾਂ ਕੁਚਲੇ ਗਏ | ਉਨ੍ਹਾਂ ਨੂੰ ਟਾਂਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਗਗਨਦੀਪ ਅਤੇ ਗੁਰਬੇਜ ਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਦਾ ਪਤਾ ਲੱਗਦਿਆਂ ਹੀ ਡੀਐਸਪੀ ਟਾਂਡਾ ਕੁਲਵੰਤ ਸਿੰਘ ਅਤੇ ਐਸਐਚਓ ਟਾਂਡਾ ਮਲਕੀਅਤ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪੁੱਜੇ। ਪੁਲੀਸ ਮੁਲਜ਼ਮਾਂ ਦੀ ਪਛਾਣ ਕਰਨ ਲਈ ਇਲਾਕੇ ਵਿੱਚ ਲੱਗੇ ਵੱਖ-ਵੱਖ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਜਾਂਚ ਰਹੀ ਹੈ।

