ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ : ਪੰਜਾਬ ਵਿੱਚ ਰਾਈਸ ਮਿੱਲਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਸ਼ੁਰੂ ਹੋ ਗਈ ਹੈ। ਹੁਣ ਤੱਕ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਧਿਆਨ ਵਿੱਚ 8 ਚੌਲ ਮਿੱਲਾਂ ਵਿੱਚ ਬੇਨਿਯਮੀਆਂ ਸਾਹਮਣੇ ਆ ਚੁੱਕੀਆਂ ਹਨ। ਜਿਸ ਕਾਰਨ ਵਿਭਾਗ ਨੇ ਇਨ੍ਹਾਂ ਚੌਲ ਮਿੱਲਾਂ ਨੂੰ ਬਲੈਕਲਿਸਟ ਕਰ ਦਿੱਤਾ ਹੈ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਿੱਲ ਮਾਲਕ ਨੇ ਪਹਿਲਾਂ ਜਾਅਲੀ ਦਸਤਾਵੇਜ਼ਾਂ ਨਾਲ ਮਿਲਿੰਗ ਸਮਰੱਥਾ ਵਧਾ ਕੇ ਮਿੱਲ ਰਜਿਸਟਰਡ ਕਰਵਾਈ ਸੀ। ਪਰ ਜਾਂਚ ਵਿਚ ਪਤਾ ਲੱਗਾ ਕਿ ਉਕਤ ਮਿੱਲ ਦੇ ਹਿੱਸੇਦਾਰ ਬਾਕੀ ਸੱਤ ਮਿੱਲਾਂ ਦੇ ਵੀ ਸ਼ੇਅਰ ਹੋਲਡਰ ਸਨ।
ਇਸ ਕਾਰਨ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਕਸਟਮ ਮਿਲਿੰਗ ਨੀਤੀ ਤਹਿਤ ਹੁਣ ਸਿਰਫ਼ ਅੱਠ ਮਿੱਲਾਂ ਨੂੰ ਹੀ ਬਲੈਕਲਿਸਟ ਕੀਤਾ ਹੈ। ਸਾਰੀਆਂ ਚੌਲ ਮਿੱਲਾਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਹਨ। ਇਸ ਸਬੰਧੀ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ।

ਇਸ ਮਾਮਲੇ ‘ਚ ਵਿਭਾਗ ਦੇ ਮੈਸ. ਓਮਕਾਰ ਰਾਈਸ ਵਿਲੇਜ ਇੰਡਸਟਰੀ ਯੂਨਿਟ-2 ਪਿੰਡ ਚਹਿਲਾਂ ਅਮਲੋਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਕਰਨ ‘ਤੇ ਇਹ ਗੱਲ ਸਾਹਮਣੇ ਆਈ ਕਿ ਮਿੱਲ ਦੇ ਮਾਲਕ ਨੇ ਜਾਅਲੀ ਦਸਤਾਵੇਜ਼ ਪੇਸ਼ ਕਰਕੇ ਆਪਣੀ ਮਿਲਿੰਗ ਸਮਰੱਥਾ ਵਧਾ ਕੇ ਰਜਿਸਟ੍ਰੇਸ਼ਨ ਕਰਵਾਈ।
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਮਿੱਲ ਦੇ ਹਿੱਸੇਦਾਰ ਹੋਰ ਸੱਤ ਮਿੱਲਾਂ ਵਿੱਚ ਵੀ ਹਿੱਸੇਦਾਰ ਸਨ। ਇਸ ’ਤੇ ਕਾਰਵਾਈ ਕਰਦਿਆਂ ਵਿਭਾਗ ਨੇ ਇਨ੍ਹਾਂ ਸੱਤ ਮਿੱਲਾਂ ਨੂੰ ਵੀ ਡਿਫਾਲਟਰ ਐਲਾਨ ਦਿੱਤਾ ਹੈ। ਇਨ੍ਹਾਂ ਮਿੱਲਾਂ ਵਿੱਚ ਰੱਖੇ ਝੋਨੇ ਨੂੰ ਹੋਰ ਮਿੱਲਾਂ ਵਿੱਚ ਤਬਦੀਲ ਕਰਨ ਦੇ ਆਦੇਸ਼ ਦਿੱਤੇ ਗਏ ਹਨ।

