ਬਿਊਰੋ, ਪ੍ਰਾਈਮ ਪੋਸਟ ਪੰਜਾਬ
ਫ਼ਤਿਹਗੜ੍ਹ ਸਾਹਿਬ : ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਬੱਸੀ ਪਠਾਣਾ ਵਿਖੇ ਬੁੱਧਵਾਰ ਸ਼ਾਮ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ (ਏਟੀਜੀਐਫ) ਅਤੇ ਗੈਂਗਸਟਰਾਂ ਵਿਚਕਾਰ ਹੋਏ ਮੁਕਾਬਲੇ ਵਿੱਚ ਫਿਲੌਰ ਗੋਲੀ ਕਾਂਡ ਦੇ ਮਾਸਟਰਮਾਈਂਡ ਤਜਿੰਦਰ ਸਿੰਘ ਉਰਫ ਤੇਜਾ ਸਮੇਤ ਤਿੰਨ ਗੈਂਗਸਟਰ ਮਾਰੇ ਗਏ। ਦੋ ਹੋਰਾਂ ਦੀ ਪਛਾਣ ਮਨੀ ਰਾਹੋ ਅਤੇ ਮਨਪ੍ਰੀਤ ਸਿੰਘ ਪੀਤਾ ਵਜੋਂ ਹੋਈ ਹੈ। ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਕਿਹਾ ਕਿ ਸਾਡੇ ਦੋ ਕਰਮਚਾਰੀ ਵੀ ਜ਼ਖ਼ਮੀ ਹੋਏ ਹਨ। ਇੱਕ ਪੁਲਿਸ ਅਧਿਕਾਰੀ ਨੂੰ ਗੋਲੀ ਲੱਗੀ ਹੈ, ਜਦਕਿ ਦੂਜੇ ਦੀ ਲੱਤ ਟੁੱਟ ਗਈ ਹੈ। ਪੁਲੀਸ ਨੇ ਮੁਲਜ਼ਮਾਂ ਦੇ ਵਾਹਨਾਂ ਵਿੱਚੋਂ ਛੇ ਪਿਸਤੌਲ ਬਰਾਮਦ ਕੀਤੇ ਹਨ।
ਪੁਲਿਸ ਨੇ ਬੁੱਧਵਾਰ ਨੂੰ ਗੈਂਗਸਟਰ ਤੇਜਾ ਦੀ ਲੋਕੇਸ਼ਨ ਟਰੇਸ ਕੀਤੀ ਸੀ। ਇਸ ਤੋਂ ਬਾਅਦ ਸ਼ਾਮ ਕਰੀਬ 5:10 ਵਜੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ। ਜਦੋਂ ਇਹ ਗੈਂਗਸਟਰ ਆਪਣੀ ਥਾਰ ਗੱਡੀ ਵਿੱਚ ਬੱਸੀ ਪਠਾਣਾ ਬਾਜ਼ਾਰ ਵਿੱਚੋਂ ਲੰਘ ਰਹੇ ਸਨ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਇਸ ਦੌਰਾਨ ਗੈਂਗਸਟਰਾਂ ਨੇ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਉਸਨੇ ਪੁਲਿਸ ਮੁਲਾਜਮਾਂ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ ਕੀਤੀ ਪਰ ਆਪਣੇ ਆਪ ਨੂੰ ਡਿੱਗਦਾ ਦੇਖ ਕੇ ਤਜਿੰਦਰ ਤੇਜਾ ਅਤੇ ਉਸਦੇ ਸਾਥੀਆਂ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਪੁਲਿਸ ਨੇ ਵੀ ਆਤਮ ਰੱਖਿਆ ਵਿੱਚ ਜਵਾਬੀ ਫਾਇਰਿੰਗ ਕੀਤੀ ਜਿਸ ਨਾਲ ਤਜਿੰਦਰ ਤੇਜਾ ਅਤੇ ਉਸ ਦੇ ਇਕ ਸਾਥੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਤੇਜਾ ਦਾ ਦੂਜਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਵੀ ਦਮ ਤੋੜ ਦਿੱਤਾ।
ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਕਰੀਬ ਪੰਜ ਮਿੰਟ ਤੱਕ ਮੁਕਾਬਲਾ ਚੱਲਿਆ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਨੂੰ ਦੇਖ ਕੇ ਲੋਕਾਂ ‘ਚ ਦਹਿਸ਼ਤ ਫੈਲ ਗਈ। ਬਾਜ਼ਾਰ ਵਿੱਚ ਭਗਦੜ ਮੱਚ ਗਈ। ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਸ਼ਟਰ ਸੁੱਟ ਦਿੱਤੇ।

ਸੂਤਰਾਂ ਅਨੁਸਾਰ ਪੁਲੀਸ ਦੋ ਦਿਨਾਂ ਤੋਂ ਤਕਨੀਕੀ ਮਦਦ ਨਾਲ ਉਕਤ ਗੈਂਗਸਟਰਾਂ ਦੀ ਰੇਕੀ ਕਰ ਰਹੀ ਸੀ। ਉਸ ਦਾ ਟਿਕਾਣਾ ਮੋਰਿੰਡਾ ਅਤੇ ਬੱਸੀ ਪਠਾਣਾਂ ਦੇ ਆਸ-ਪਾਸ ਪਾਇਆ ਜਾ ਰਿਹਾ ਸੀ। ਜਿਵੇਂ ਹੀ ਇਹ ਲੋਕ ਥਾਰ ਕਾਰ ‘ਚ ਸਵਾਰ ਹੋ ਕੇ ਨਿਕਲੇ ਤਾਂ ਪਹਿਲਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ ਪਰ ਦੋਸ਼ੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਸੂਤਰਾਂ ਮੁਤਾਬਕ ਗੈਂਗਸਟਰਾਂ ਦੇ ਥਾਰ ‘ਤੇ ਕਰੀਬ 12 ਗੋਲੀਆਂ ਦੇ ਨਿਸ਼ਾਨ ਮਿਲੇ ਹਨ।
ਏਟੀਜੀਐਫ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ ਕਿ ਤਜਿੰਦਰ ਤੇਜਾ ਇੱਕ ਹਿਸਟਰੀ ਸ਼ੀਟਰ ਸੀ ਅਤੇ ਉਸ ਖ਼ਿਲਾਫ਼ ਸੂਬੇ ਭਰ ਵਿੱਚ 38 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਤੇਜਾ ਗੁਰਪ੍ਰੀਤ ਸੇਖੋਂ ਗੈਂਗ ਨਾਲ ਜੁੜੇ ਇੱਕ ਸੁਤੰਤਰ ਗੈਂਗ ਨੂੰ ਵੀ ਸੰਭਾਲ ਰਿਹਾ ਸੀ। ਉਹ ਜਲੰਧਰ ਅਤੇ ਨਵਾਂਸ਼ਹਿਰ ਖੇਤਰ ਵਿੱਚ ਬਹੁਤ ਸਰਗਰਮ ਸੀ।
ਬਾਨ ਨੇ ਦੱਸਿਆ ਕਿ 8 ਜਨਵਰੀ ਨੂੰ ਫਗਵਾੜਾ ਤੋਂ ਕੁਝ ਗੈਂਗਸਟਰਾਂ ਨੇ ਗੱਡੀ ਖੋਹ ਲਈ ਸੀ। ਇਸ ਤੋਂ ਬਾਅਦ ਪੁਲਿਸ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਫਿਲੌਰ ਨੇੜੇ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਕੁਲਦੀਪ ਸਿੰਘ ਬਾਜਵਾ ਸ਼ਹੀਦ ਹੋ ਗਿਆ। ਹਾਲਾਂਕਿ ਪੰਜਾਬ ਪੁਲਿਸ 14 ਜਨਵਰੀ 2023 ਨੂੰ ਫਿਲੌਰ ਗੋਲੀਕਾਂਡ ਦੇ ਮੁੱਖ ਦੋਸ਼ੀ ਯੁਵਰਾਜ ਸਿੰਘ ਉਰਫ ਜੋਰਾ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ l
ਰਵਜੋਤ ਗਰੇਵਾਲ ਨੇ ਕਿਹਾ ਕਿ ਇਹ ਸਾਰਾ ਮਾਮਲਾ ਆਮ ਲੋਕਾਂ ਦੇ ਸਾਹਮਣੇ ਆਇਆ ਹੈ। ਮੌਕੇ ‘ਤੇ ਸਾਰੇ ਪੁਲਿਸ ਅਧਿਕਾਰੀ ਮੌਜੂਦ ਸਨ। ਅਸੀਂ ਮਾਮਲੇ ‘ਚ ਹਰ ਕਾਨੂੰਨੀ ਪਹਿਲੂ ‘ਤੇ ਵਿਚਾਰ ਕਰ ਰਹੇ ਹਾਂ। ਸਾਰੇ ਵਹਿਸ਼ੀ ਅਪਰਾਧੀ ਹਨ। ਉਨ੍ਹਾਂ ਬਾਰੇ ਅਲਰਟ ਵੀ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਇਸੇ ਤਰ੍ਹਾਂ ਦੀ ਕਾਰਵਾਈ ਜਾਰੀ ਰੱਖੀ ਜਾਵੇਗੀ।
ਪੁਲਿਸ ਮੁਕਾਬਲੇ ‘ਚ ਗੈਂਗਸਟਰਾਂ ਦੀਆਂ ਲੱਤਾਂ ਅਤੇ ਹੱਥਾਂ ‘ਤੇ ਗੋਲੀਆਂ ਲੱਗੀਆਂ ਸਨ। ਤਿੰਨ ਜ਼ਖਮੀ ਗੈਂਗਸਟਰਾਂ ਦੀ ਪਛਾਣ ਰਣਜੀਤ ਸਿੰਘ ਵਾਸੀ ਪਿੰਡ ਬਾਹਮਣੀਆਂ ਸ਼ਾਹਕੋਟ, ਵਿਸ਼ਾਲ ਸੋਨੀ ਵਾਸੀ ਪਿੰਡ ਮੁੰਡੇ ਕਲਾਂ ਖੰਨਾ, ਕੁਲਵਿੰਦਰ ਉਰਫ ਕਿੰਦਾ ਵਾਸੀ ਪਿੰਡ ਹਰੀਪੁਰ ਜਲੰਧਰ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਗੈਂਗਸਟਰ ਦੀ ਇਲਾਜ ਦੌਰਾਨ ਮੌਤ ਹੋ ਗਈ। ਚੌਥਾ ਸਾਥੀ ਯੁਵਰਾਜ ਸਿੰਘ ਉਰਫ਼ ਯੋਰੀ ਵਾਸੀ ਹਲਵਾਰਾ ਥਾਣਾ ਬਿਗਲਾ ਜਲੰਧਰ ਭੱਜਣ ਵਿੱਚ ਕਾਮਯਾਬ ਹੋ ਗਿਆ।

