ਬਿਊਰੋ, ਪ੍ਰਾਈਮ ਪੋਸਟ ਪੰਜਾਬ
ਸੰਗਰੂਰ : ਸੰਗਰੂਰ ਵਿੱਚ ਐਤਵਾਰ ਨੂੰ PRTC ਬੱਸ ਤੇ ਪਿੱਕਅਪ ਦੀ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਜ਼ਖਮੀਆਂ ਵਿੱਚ ਇੱਕ ਤਿੰਨ ਮਹੀਨੇ ਦੀ ਬੱਚੀ ਵੀ ਸ਼ਾਮਿਲ ਹੈ। ਪਿੱਕਅਪ ਸਵਾਰ ਲੋਕ ਪਟਿਆਲਾ ਦੇ ਕਾਲੀ ਮਾਤਾ ਮੰਦਰ ਵਿੱਚ ਮੱਥਾ ਟੇਕਣ ਤੋਂ ਬਾਅਦ ਵਾਪਸ ਪਰਤ ਰਹੇ ਸਨ।
ਇਹ ਹਾਦਸਾ ਸੁਨਾਮ ਵਿੱਚ ਸੰਗਰੂਰ-ਪਟਿਆਲਾ ਰਾਸ਼ਟਰੀ ਰਾਜਮਾਰਗ ‘ਤੇ ਪਿੰਡ ਕਲੌਦੀ ਬੱਸ ਸਟੈਂਡ ਦੇ ਨੇੜੇ ਵਾਪਰਿਆ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਜ਼ਖਮੀਆਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਸੰਗਰੂਰ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ 4 ਲੋਕਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ।

ਇਸ ਘਟਨਾ ਸਬੰਧੀ ਜ਼ਖਮੀ ਨ ਦੱਸਿਆ ਕਿ ਉਹ ਪਟਿਆਲਾ ਦੇ ਕਾਲੀ ਦੇਵੀ ਮੰਦਰ ਵਿੱਚ ਪੂਜਾ ਤੋਂ ਬਾਅਦ ਪਰਤ ਰਹੇ ਸਨ। ਯਾਤਰੀਆਂ ਨੂੰ ਲੈਣ ਦੇ ਲਈ ਬੱਸ ਸਟੈਂਡ ‘ਤੇ PRTC ਦੀ ਬੱਸ ਰੁਕੀ ਤਾਂ ਉਨ੍ਹਾਂ ਦੀ ਪਿੱਕਅਪ ਬੱਸ ਨਾਲ ਟਕਰਾ ਗਈ। ਉਸਦੇ ਬਾਅਦ ਸੜਕ ‘ਤੇ ਹਫੜਾ-ਦਫੜੀ ਮਚ ਗਈ। ਲੋਕਾਂ ਨੇ ਉਨ੍ਹਾਂ ਨੂੰ ਪਿੱਕਅਪ ਤੋਂ ਬਾਹਰ ਕੱਢ ਕੇ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ।
ਇਸ ਘਟਨਾ ਸਬੰਧੀ ਸੰਗਰੂਰ ਦੇ SDM ਨਵਰੀਤ ਕੌਰ ਨੇ ਸਿਵਲ ਹਸਪਤਾਲ ਸੰਗਰੂਰ ਪਹੁੰਚ ਕੇ ਜ਼ਖਮੀਆਂ ਦਾ ਹਾਲ ਜਾਨਣਾ ਤੇ ਮੈਡੀਕਲ ਸੁਵਿਧਾਵਾਂ ਦਾ ਜਾਇਜ਼ਾ ਲਿਆ। ਸਾਰੇ ਮ੍ਰਿਤਕ ਪਿੰਡ ਬੱਧਨੀ ਕਲਾਂ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਧੁੰਦ ਕਾਰਨ ਵਾਪਰਿਆ।

